ਬੀਜਿੰਗ: ਚੀਨ ਵਿੱਚ ਕਸਟਮ ਆਫਿਸ਼ੀਅਲਜ਼ ਨੇ ਦੁਨੀਆ ਦੇ ਅਜਿਹੇ 30 ਹਜ਼ਾਰ ਨਕਸ਼ਿਆਂ ਨੂੰ ਨਸ਼ਟ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਅਰੁਣਾਂਚਲ ਪ੍ਰਦੇਸ਼ ਨੂੰ ਉਸ ਦੀ ਸਰਹੱਦ ਵਿੱਚ ਨਹੀਂ ਦਿਖਾਇਆ ਗਿਆ ਸੀ। ਚੀਨ, ਭਾਰਤ ਦੇ ਉੱਤਰ ਪੂਰਬੀ ਰਾਜ ਅਰੁਣਾਂਚਲ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ। ਚੀਨ ਇਸ ਗੱਲ ’ਤੇ ਭਾਰਤ ਦੇ ਦਾਅਵਿਆਂ ਨੂੰ ਵੀ ਹਮੇਸ਼ਾ ਖਾਰਜ ਕਰਦਾ ਆਇਆ ਹੈ। ਇਸ ਦੇ ਇਲਾਵਾ ਚੀਨ ਨੂੰ ਹਮੇਸ਼ਾ ਇਸ ਗੱਲ ’ਤੇ ਇਤਰਾਜ਼ ਰਹਿੰਦਾ ਹੈ ਕਿ ਆਖਰ ਭਾਰਤੀ ਲੀਡਰ ਸਮੇਂ-ਸਮੇ ’ਤੇ ਇਸ ਸੂਬੇ ਦਾ ਦੌਰਾ ਕਿਉਂ ਕਰਦੇ ਰਹਿੰਦੇ ਹਨ?
ਇੱਕ ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਰਫ ਅਰੁਣਾਂਚਲ ਹੀ ਨਹੀਂ, ਬਲਕਿ ਤਾਇਵਾਨ ਨੂੰ ਵੀ ਚੀਨ ਦੀ ਸਰਹੱਦ ਵਿੱਚ ਨਹੀਂ ਦਿਖਾਇਆ ਗਿਆ ਸੀ। ਭਾਰਤ ਅਰੁਣਾਚਲ ’ਤੇ ਚੀਨ ਦੇ ਦਾਅਵਿਆਂ ਨੂੰ ਨਹੀਂ ਮੰਨਦਾ। ਭਾਰਤ ਵੱਲੋਂ ਹਮੇਸ਼ਾ ਕਿਹਾ ਗਿਆ ਹੈ ਕਿ ਅਰੁਣਾਂਚਲ ਉਸ ਦਾ ਹਿੱਸਾ ਹੈ ਤੇ ਇੱਥੇ ਕਿਸੇ ਵੀ ਭਾਰਤੀ ਲੀਡਰ ਦੇ ਜਾਣ ’ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਭਾਰਤੀ ਲੀਡਰ ਉਸੇ ਤਰ੍ਹਾਂ ਅਰੁਣਾਚਲ ਵਿੱਚ ਜਾਣਗੇ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜਾਂਦੇ ਹਨ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਵਿੱਚ ਕਿਹਾ ਗਿਆ ਹੈ ਕਿ ਜੋ ਨਕਸ਼ਾ ਨਸ਼ਟ ਕੀਤੇ ਗਏ ਹਨ ਉਹ ਇੱਕ ਅਣਪਛਾਤੇ ਦੇਸ਼ ਦੇ ਬਾਰੇ ਵਿੱਚ ਦੱਸ ਰਹੇ ਸੀ। ਇਨ੍ਹਾਂ ਨਕਸ਼ਿਆਂ ਵਿੱਚ ਤਾਈਵਾਨ ਨੂੰ ਇੱਕ ਵੱਖਰੇ ਦੇਸ਼ ਵਜੋਂ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਭਾਰਤ ਤੇ ਚੀਨ ਵਿਚਾਲੇ ਹੁਣ ਤਕ ਸਰਹੱਦ ਵਿਵਾਦ ਦੇ ਹੱਲ ਲਈ 21 ਦੌਰ ਦੀ ਵਾਰਤਾਲਾਪ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਵਿਚਾਲੇ 3,488 ਕਿਲੋਮੀਟਰ ਲੰਮੀ ਲਾਈਨ ਆਫ ਐਕਚੁਅਲ ਕੰਟਰੋਲ (ਐਲਏਸੀ) ਸਬੰਧੀ ਵਿਵਾਦ ਰਹਿੰਦਾ ਹੈ।