ਸਿਓਲ: ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ਤੋਂ ਪ੍ਰੋਪੇਗੰਡਾ ਕਰਨ ਵਾਲੇ ਲਾਊਡ ਸਪੀਕਰ ਹਟਾ ਦੇਣਗੇ। ਤਿੰਨ ਦਿਨ ਪਹਿਲਾਂ ਹੋਈ ਸ਼ਿਖਰ ਬੈਠਕ ਦੌਰਾਨ ਦੋਵਾਂ ਕੋਰਿਆਈ ਦੇਸ਼ਾਂ ਨੇ ਕੋਰਿਆਈ ਪ੍ਰਾਇਦੀਪ ਨੂੰ ਪਰਮਾਣੂ ਮੁਕਤ ਬਣਾਉਣ ਤੇ ਸਰਹੱਦ ਦੇ ਆਸ-ਪਾਸ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਵਿਰੋਧੀ ਕਾਰਵਾਈਆਂ ਬੰਦ ਕਰਨ ਲਈ ਸਹਿਮਤੀ ਜਤਾਈ ਸੀ।

ਸਿਓਲ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਸਰਹੱਦ ’ਤੇ ਲੱਗੇ ਲਾਊਡ ਸਪੀਕਰਾਂ ਵਿੱਚੋਂ ਦਰਜਨਾਂ ਸਪੀਕਰ ਹਟਾ ਦੇਣਗੇ। ਮੰਤਰਾਲੇ ਦੇ ਉੱਤਰੀ ਕੋਰੀਆ ਵੱਲੋਂ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਜਤਾਈ ਹੈ।

ਦੱਖਣੀ ਕੋਰੀਆ ਨੇ ਸ਼ੁੱਕਰਵਾਰ ਨੂੰ ਹੋਈ ਸ਼ਿਖਰ ਬੈਠਕ ਤੋਂ ਪਹਿਲਾਂ ਆਪਣੇ ਲਾਊਡ ਸਪੀਕਰ ਬੰਦ ਕਰ ਦਿੱਤੇ ਸਨ ਤੇ ਉੱਤਰੀ ਕੋਰੀਆ ਨੇ ਵੀ ਆਪਣਾ ਪ੍ਰਸਾਰਣ ਰੋਕ ਕੇ ਉਹੀ ਪ੍ਰਕਿਰਿਆ ਦਿੱਤੀ ਸੀ। 2016 ਵਿੱਚ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣ ਤੋਂ ਬਾਅਦ ਦੱਖਣੀ ਕੋਰੀਆ ਨੇ ਆਪਣੇ ਪ੍ਰੋਪੇਗੰਡਾ ਮੈਸੇਜਸ ਤੇ ਕੋਰਿਆਈ ਪੌਪ ਮਿਊਜ਼ਿਕ ਵਜਾਉਣ ਦੀ ਝੜੀ ਲਾ ਦਿੱਤੀ ਸੀ।

ਕੋਰਿਆਈ ਹੱਦਾਂ ਤੇ ਸਪੀਕਰ ਕਿਉਂ

ਦੋਵਾਂ ਦੇਸ਼ਾਂ ਦੀਆਂ ਹੱਦਾਂ ’ਤੇ ਕਈ ਸਾਰੇ ਲਾਊਡ ਸਪੀਕਰ ਲੱਗੇ ਹੋਏ ਹਨ ਜਿਨ੍ਹਾਂ ਦੀ ਵਰਤੋਂ ਕੋਰਿਆਈ ਪੌਪ ਸੰਗੀਕ ਵਜਾਉਣ ਤੋਂ ਲੈ ਕੇ ਇੱਕ-ਦੂਜੇ ਵਿਰੁੱਧ ਪ੍ਰਚਾਰ ਕਰਨ ਤਕ ਕੀਤਾ ਜਾਂਦਾ ਹੈ।