ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦੋ ਜ਼ੋਰਦਾਰ ਧਮਾਕੇ ਹੋਏ ਜਿਨ੍ਹਾਂ ਵਿੱਚ 8 ਪੱਤਰਕਾਰਾਂ ਸਣੇ 29 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਧਮਾਕਿਆਂ ਵਿੱਚ 49 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਖਬਰਾਂ ਦੀ ਏਜੰਸੀ ਏਐਫਪੀ ਦੇ ਫੋਟੋਗ੍ਰਾਫਰ ਸ਼ਾਹ ਮਰਾਈ ਸਣੇ ਅੱਠ ਪੱਤਰਕਾਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਟੋਲੋ ਨਿਊਜ਼ ਮੁਤਾਬਕ ਇੱਕ ਧਮਾਕਾ ਸ਼ਾਸ਼ਦਰਕ ਇਲਾਕੇ ਵਿੱਚ ਹੋਇਆ ਤੇ ਦੂਜਾ ਧਮਾਕਾ ਐਮਡੀਐਸ ਦੇ ਦਫਤਰ ਦੇ ਕੋਲ ਹੋਇਆ। ਕਾਬੁਲ ਪੁਲਿਸ ਨੇ ਇਸ ਬਾਰੇ ਹੋਰ ਜਾਣਕਾਰੀ ਫਿਲਹਾਲ ਸਾਂਝੀ ਨਹੀਂ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਜ਼ਿਆਦਾਤਰ ਮੀਡੀਆ ਕਰਮਚਾਰੀਆਂ ਦੀ ਮੌਤ ਦੂਜੇ ਧਮਾਕੇ ਵਿੱਚ ਹੋਈ। ਦਰਅਸਲ ਇੱਕ ਕੈਮਰੇ ਵਿੱਚ ਵਿਸਫੋਟਕ ਲਈ ਇੱਕ ਵਿਅਕਤੀ ਨੇ ਖੁਦ ਧਮਾਕੇ ਵਾਲੀ ਥਾਂ ਨੂੰ ਉਡਾ ਦਿੱਤਾ। ਮੀਡੀਆ ਕਰਮਚਾਰੀ ਪਹਿਲੇ ਧਮਾਕੇ ਨੂੰ ਕਵਰ ਕਰਨ ਲਈ ਇਕੱਠੇ ਹੋਏ ਸਨ।
ਕਾਬੁਲ ਪੁਲਿਸ ਦੇ ਮੁਖੀ ਦਾਉਦ ਅਮੀਨ ਨੇ ਦੱਸਿਆ ਕਿ ਜਿੱਥੇ ਹਮਲਾ ਹੋਇਆ ਉੱਥੇ ਕਈ ਵਿਦੇਸ਼ੀ ਦਫਤਰ ਹਨ। ਵਜ਼ੀਰ ਅਕਬਰ ਖਾਨ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਮੌਸਾ ਜ਼ਹੀਰ ਨੇ ਦੱਸਿਆ ਕਿ ਵਿਸਫੋਟ ਵਿੱਚ ਜ਼ਖਮੀ ਲੋਕਾਂ ਦਾ ਇਲਾਜ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਹਮਲੇ ਦੀ ਜਾਣਕਾਰੀ ਕਿਸੇ ਨੇ ਨਹੀਂ ਲਈ ਹੈ।