ਹੁਣ ਸਪੇਨ ਨੇ ਕੈਟੇਲੋਨੀਆ ਦਾ ਸਪੀਕਰ ਰਗੜਿਆ!
ਏਬੀਪੀ ਸਾਂਝਾ | 11 Nov 2017 11:07 AM (IST)
ਸਪੇਨ: ਕੈਟੇਲੋਨੀਆ ਦੀ ਆਜ਼ਾਦੀ ਦੇ ਐਲਾਨ ਵਿਚ ਭੂਮਿਕਾ ਨਿਭਾਉਣ ਲਈ ਖ਼ੁਦਮੁਖਤਾਰ ਖੇਤਰ ਦੀ ਸੰਸਦ ਦੀ ਸਪੀਕਰ ਨੂੰ ਜ਼ਮਾਨਤ ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਮਿਆਦ ਤਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਾਬਕਾ ਸਪੀਕਰ ਕਾਰਮ ਫੋਰਕੈਡਲ ਅਤੇ ਉਨ੍ਹਾਂ ਦੇ ਪੰਜ ਸਹਿਯੋਗੀ ਸ਼ੁੱਕਰਵਾਰ ਨੂੰ ਸਪੇਨ ਦੀ ਸਰਬਉੱਚ ਅਦਾਲਤ ਨੈਸ਼ਨਲ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਇਨ੍ਹਾਂ 'ਤੇ ਦੇਸ਼ਧ੍ਰੋਹ ਅਤੇ ਜਨਤਾ ਦੇ ਧਨ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ ਲੱਗੇ ਹਨ। ਦੋਸ਼ੀ ਪਾਏ ਜਾਣ 'ਤੇ ਇਨ੍ਹਾਂ ਅਪਰਾਧਾਂ ਲਈ ੩੦ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਕਾਰਮ ਨੂੰ ਸਰਕਾਰੀ ਖਜ਼ਾਨੇ ਵਿਚ ਡੇਢ ਲੱਖ ਯੂਰੋ ਜਮ੍ਹਾਂ ਕਰਾਉਣ 'ਤੇ ਪੁਲਸ ਹਿਰਾਸਤ ਤੋਂ ਮੁਕਤੀ ਮਿਲੇਗੀ ਜਦਕਿ ਬਾਕੀ ਚਾਰ ਆਗੂਆਂ ਨੂੰ ੨੫-੨੫ ਹਜ਼ਾਰ ਯੂਰੋ ਦੀ ਜ਼ਮਾਨਤ ਦਿੱਤੀ ਗਈ ਹੈ। ਇਹ ਸਾਰੇ 27 ਅਕਤੂਬਰ ਨੂੰ ਅਲੱਗ ਕੈਟੇਲੋਨੀਆ ਰਾਜ ਦੇ ਐਲਾਨ ਵਿਚ ਸ਼ਾਮਿਲ ਸਨ। ਅੱਠ ਆਗੂਆਂ ਨੂੰ ਨੈਸ਼ਨਲ ਕੋਰਟ ਪਹਿਲੇ ਹੀ ਜੇਲ੍ਹ ਭੇਜ ਚੁੱਕੀ ਹੈ। ਇਸ ਤੋਂ ਪਹਿਲੇ ਇਕ ਅਕਤੂਬਰ ਨੂੰ ਸਪੇਨ ਸਰਕਾਰ ਦੀ ਰੋਕ ਦੇ ਬਾਵਜੂਦ ਆਜ਼ਾਦੀ ਲਈ ਜਨਮਤ ਸੰਗ੍ਰਹਿ ਹੋਇਆ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਲਗਪਗ ਇਕ ਹਜ਼ਾਰ ਲੋਕ ਜ਼ਖ਼ਮੀ ਹੋਏ ਸਨ। ਆਜ਼ਾਦੀ ਦਾ ਐਲਾਨ ਕਰਨ ਵਾਲੇ ਤੇ ਖ਼ੁਦ ਨੂੰ ਰਾਸ਼ਟਰਪਤੀ ਵਜੋਂ ਐਲਾਨ ਕਰਨ ਵਾਲੇ ਕੈਟੇਲਨ ਆਗੂ ਕਾਰਲਸ ਪਿਊਜ਼ੀਮੌਂਟ ਲਿਕੇਅ ਵਿਰੁੱਧ ਨੈਸ਼ਨਲ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਰੱਖਿਆ ਹੈ। ਉਸ ਤੋਂ ਬਚਣ ਲਈ ਉਹ ਗੁਆਂਢੀ ਦੇਸ਼ ਬੈਲਜੀਅਮ ਵਿਚ ਸ਼ਰਨ ਲਏ ਹੋਏ ਹਨ। ੨੭ ਅਕਤੂਬਰ ਦੀ ਆਜ਼ਾਦੀ ਦੇ ਐਲਾਨ ਪਿੱਛੋਂ ਸਪੇਨ ਸਰਕਾਰ ਨੇ ਕੈਟੇਲੋਨੀਆ ਦਾ ਖ਼ੁਦਮੁਖਤਾਰ ਦਰਜਾ ਖ਼ਤਮ ਕਰ ਦਿੱਤਾ ਸੀ।