ਭਾਰਤ ਦੇ ਵਿਰੋਧ ਮਗਰੋਂ ਅਮਰੀਕਾ ਨੇ ਵੀ ਆਪਣੇ ਬਿਆਨ ਨੂੰ ਗੋਲਮੋਲ ਕਰ ਲਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਸ਼ਮੀਰ ਮੁੱਦਾ ਭਾਰਤ ਦੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ। ਅਮਰੀਕਾ ਇਸ ਮਸਲੇ ਦੇ ਹੱਲ਼ ਲਈ ਮਦਦ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਸਿਰਫ ਮਦਦ ਦੀ ਇੱਛਾ ਜ਼ਾਹਿਰ ਕੀਤੀ ਸੀ।
ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਕਾਤ ਕੀਤੀ ਸੀ। ਇਸ ਮੌਕੇ ਟਰੰਪ ਨੇ ਕਸ਼ਮੀਰ ਮਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੀ ਜੇਕਰ ਦੋਵੇਂ ਮੁਲਕ ਕਹਿਣਗੇ ਤਾਂ ਉਹ ਮਦਦ ਲਈ ਤਿਆਰ ਹਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਪਿਛਲੇ ਮਹੀਨੇ ਜਾਪਾਨ ਦੇ ਓਸਾਕਾ ਵਿੱਚ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਦਿਆਂ ਕਸ਼ਮੀਰ ਬਾਰੇ ਵਿਚੋਲਗੀ ਕਰਨ ਲਈ ਕਿਹਾ ਸੀ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਰੰਪ ਦੀਆਂ ਟਿੱਪਣੀਆਂ ਦਾ ਸਵਾਗਤ ਕੀਤਾ ਸੀ ਪਰ ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਅਜਿਹੀ ਕੋਈ ਬੇਨਤੀ ਨਹੀਂ ਕੀਤੀ।