ਨਿਊਯਾਰਕ: ਅਮਰੀਕਾ ਦੇ ਇੱਕ ਵਿਦਿਆਰਥੀ ਨੇ ਐਪਲ ਖਿਲਾਫ ਇੱਕ ਅਰਬ ਡਾਲਰ (7000 ਕਰੋੜ ਰੁਪਏ) ਦਾ ਮੁਕੱਦਮਾ ਠੋਕਿਆ ਹੈ। 18 ਸਾਲਾ ਓਸਮਾਨ ਬਾਹ ਨੇ ਸੋਮਵਾਰ ਨੂੰ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਐਪਲ ਦੇ ਫੇਸ਼ੀਅਲ-ਰਿਕੋਗਨਿਸ਼ਨ ਸਾਫਟਵੇਅਰ ਨੇ ਉਸ ਦਾ ਨਾਂ ਐਪਲ ਸਟੋਰ ‘ਚ ਹੋਈ ਚੋਰੀ ਦੀਆਂ ਘਟਨਾਵਾਂ ਨਾਲ ਲਿੰਕ ਕੀਤਾ। ਇਸ ਕਰਕੇ ਨਵੰਬਰ 2018 ‘ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਵਿਦਿਆਰਥੀ ਮੁਤਾਬਕ ਗ੍ਰਿਫ਼ਤਾਰੀ ਵਾਰੰਟ ‘ਚ ਜਿਸ ਮੁਲਜ਼ਮ ਦੀ ਫੋਟੋ ਸੀ, ਉਹ ਮੇਰੇ ਨਾਲ ਮਿਲਦਾ-ਜੁਲਦਾ ਨਹੀਂ ਸੀ। ਐਪਲ ਸਟੋਰ ਤੋਂ ਚੋਰੀ ਦੀਆਂ ਜਿੰਨੀਆਂ ਘਟਨਾਵਾਂ ‘ਚ ਮੈਨੂੰ ਮੁਲਜ਼ਮ ਬਣਾਇਆ ਗਿਆ, ਉਨ੍ਹਾਂ ‘ਚ ਇੱਕ ਮਾਮਲਾ ਬੋਸਟਨ ਦਾ ਵੀ ਹੈ ਤੇ ਜਿਸ ਦਿਨ ਘਟਨਾ ਹੋਈ ਮੈਂ ਮੈਨਹੱਟਨ ‘ਚ ਸੀ।

ਉਸ ਦਾ ਕਹਿਣਾ ਹੈ ਕਿ ਉਸ ਦਾ ਬਿਨਾ ਫੋਟੋ ਵਾਲਾ ਲਰਨਰ ਪਰਮਿਟ ਗਵਾਚ ਗਿਆ ਸੀ ਤੇ ਹੋ ਸਕਦਾ ਹੈ ਕਿ ਅਸਲ ਚੋਰ ਨੇ ਉਸ ਦਾ ਇਸਤੇਮਾਲ ਐਪਲ ਸਟੋਰ ‘ਚ ਕੀਤਾ ਹੋਵੇ। ਇਸ ਕਾਰਨ ਐਪਲ ਸੌਫਟਵੇਅਰ ਨੇ ਉਸ ਦਾ ਨਾਂ ਚਿਹਰੇ ਨਾਲ ਜੋੜ ਦਿੱਤਾ ਹੋਵੇਗਾ।

ਚੋਰੀ ਦੀਆਂ ਘਟਨਾਵਾਂ ‘ਚ ਸ਼ੱਕੀ ਲੋਕਾਂ ਨੂੰ ਟ੍ਰੈਕ ਕਰਨ ਲਈ ਐਪਲ ਆਪਣੇ ਸਟੋਰਸ ‘ਚ ਫੇਸ਼ੀਅਲ-ਰਿਕਾਗਨਿਸ਼ਨ ਸਿਸਟਮ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਬਾਅਦ ਪੀਤੜ ਵਿਦਿਆਰਥੀ ਦਾ ਕਹਿਣਾ ਹੈ ਕਿ ਝੂਠੇ ਇਲਜ਼ਾਮਾਂ ਕਰਕੇ ਉਸ ਨੂੰ ਮਾਨਸਿਕ ਤਣਾਅ ਤੇ ਮੁਸ਼ਕਲਾਂ ਝੱਲਣੀਆਂ ਪਈਆਂ। ਨਿਊਜਰਸੀ ‘ਚ ਐਪਲ ‘ਚ ਚੋਰੀ ਦੀ ਘਟਨਾ ਦਾ ਮਾਮਲਾ ਅਜੇ ਵੀ ਬਾਹ ‘ਤੇ ਚੱਲ ਰਿਹਾ ਹੈ ਜਦਕਿ ਬਾਕੀ ਮਾਮਲਿਆਂ ‘ਚ ਉਹ ਬਰੀ ਹੋ ਗਿਆ ਹੈ।