ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਆਪਣੇ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਦੇ ਕਰਤਾਰਪੁਰ ਲਾਂਘੇ ਬਾਰੇ ਗੁਗਲੀ ਵਾਲੇ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਜਾਗਰ ਹੋ ਗਿਆ ਕਿ ਪਾਕਿਸਤਾਨ ਸਿੱਖਾਂ ਦੀਆਂ ਭਾਵਨਾਵਾਂ ਦਾ ਆਦਰ ਨਹੀਂ ਕਰਦਾ। ਇਸ ਵਿਸ਼ੇ ਸਬੰਧੀ ਉਨ੍ਹਾਂ ਟਵੀਟ ਵੀ ਕੀਤਾ ਹੈ।



ਆਪਣੇ ਟਵੀਟ ਵਿੱਚ ਸੁਸ਼ਮਾ ਨੇ ਲਿਖਿਆ ਕਿ ਪਾਕਿਸਤਾਨ ਨੂੰ ਸਿੱਖਾਂ ਦੀਆਂ ਭਾਵਨਵਾਂ ਦੀ ਕੋਈ ਕਦਰ ਨਹੀਂ। ਉਹ ਕੇਵਲ ਗੁਗਲੀ ਛੱਡਦੇ ਹਨ। ਉਨ੍ਹਾਂ ਪਾਕਿਸਤਾਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਕਿਵੇਂ ਉਨ੍ਹਾਂ ਦੀ ਗੁਗਲੀ ਵਿੱਚ ਨਹੀਂ ਫਸਿਆ। ਉਨ੍ਹਾਂ ਕਿਹਾ ਭਾਰਤ ਦੇ ਦੋ ਸਿੱਖ ਮੰਤਰੀ ਕਰਤਾਰਪੁਰ ਸਾਹਿਬ ਅਰਦਾਸ ਕਰਨ ਗਏ ਸੀ।



ਇਮਰਾਨ ਖ਼ਾਨ ਨੇ ਆਪਣੀ ਸਰਕਾਰ ਦੇ 100 ਦਿਨ ਪੂਰ ਹੋਣ ’ਤੇ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਸਮਾਗਮ ਵਿੱਚ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਹਰਦੀਪ ਸਿੰਘ ਪੁਰੀ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ ਸਨ। ਇਸ ਤੋਂ ਬਾਅਦ 29 ਨਵੰਬਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਨੇ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਗੁਗਲੀ ਸੁੱਟੀ ਤੇ ਭਾਰਤ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣਾ ਪਿਆ।

ਕੁਰੈਸ਼ੀ ਦੇ ਇਸ ਬਿਆਨ ਪਿੱਛੋਂ ਸੁਸ਼ਮਾ ਸਵਰਾਜ ਨੇ ਭਾਰਤ-ਪਾਕਿਸਤਾਨ ਵਿੱਚ ਗੱਲਬਾਤ ਦੀ ਸੰਭਾਵਨਾ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਸੁਸ਼ਮਾ ਨੇ ਕਿਹਾ ਕਿ ਦੋਵੇਂ ਦੇਸ਼ਾਂ ਉਦੋਂ ਤਕ ਗੱਲਬਾਤ ਨਹੀਂ ਹੋ ਸਕਦੀ ਜਦ ਤਕ ਪਾਕਿਸਤਾਨ, ਸਰਹੱਦ ’ਤੇ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ।