ਨਿਊਯਾਰਕ: ਬੀਤੇ ਦਿਨੀਂ ਕੈਲੇਫ਼ੋਰਨੀਆ ਵਿੱਚ ਬਿਰਧ ਸਿੱਖ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਦੋ ਅੱਲ੍ਹੜ ਉਮਰ ਦੇ ਨੌਜਵਾਨਾਂ ਵਿੱਚੋਂ ਕੈਲੇਫ਼ੋਰਨੀਆ ਪੁਲਿਸ ਮੁਖੀ ਦੇ ਪੁੱਤਰ ਨੂੰ ਅਦਾਲਤ 'ਚ ਅਸ਼ਲੀਲ ਇਸ਼ਾਰੇ ਕਰਦੇ ਵੇਖਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਦਾਲਤ 'ਚ ਆਪਣੀ ਪਹਿਲੀ ਪੇਸ਼ੀ ਦੌਰਾਨ ਟਾਇਰੌਨ ਮੈਕ ਅਲਿਸਟਰ ਨੂੰ ਮਸਖਰੀ ਕਰਦੇ ਭੱਦੇ ਇਸ਼ਾਰੇ ਕਰਦਿਆਂ ਵੇਖਿਆ ਗਿਆ।
18 ਸਾਲਾ ਟਾਇਰੌਨ ਮੈਕ ਅਲਿਸਟਰ ਆਪਣੇ 16 ਸਾਲਾ ਅੱਲ੍ਹੜ ਉਮਰ ਦੇ ਦੋਸਤ ਨਾਲ ਰਲ਼ ਕੇ 71 ਸਾਲਾ ਬਜ਼ੁਰਗ ਸਿੱਖ ਸਾਹਿਬ ਸਿੰਘ ਨੱਤ ਉੱਪਰ ਬੀਤੀ ਛੇ ਅਗਸਤ ਨੂੰ ਮੈਨਟੇਕਾ ਸ਼ਹਿਰ ਦੀ ਸੜਕ ਕਿਨਾਰੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਟਾਇਰੌਨ ਯੂਨੀਅਨ ਸਿਟੀ ਪੁਲਿਸ ਚੀਫ਼ ਡੈਰੇਅਲ ਮੈਕ ਅਲਿਸਟਰ ਦਾ ਪੁੱਤ ਹੈ। ਅਦਾਲਤ ਵੱਲੋਂ ਉਸ ਉੱਪਰ ਲੁੱਟ-ਖੋਹ ਕਰਨ, ਵੱਡਿਆਂ ਨਾਲ ਬੁਰਾ ਵਤੀਰਾ ਕਰਨ ਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
FOX 40 ਦੀ ਰਿਪੋਰਟ ਮੁਤਾਬਕ ਬੀਤੇ ਸ਼ੁੱਕਰਵਾਰ ਜਦ ਛੋਟਾ ਮੈਕ ਅਲਿਸਟਰ ਅਦਾਲਤ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਮੀਡੀਆ ਕਰਮੀਆਂ ਨੂੰ ਹੱਥ ਦੀ ਕੇਂਦਰੀ ਉਂਗਲ ਨਾਲ ਭੱਦਾ ਇਸ਼ਾਰਾ ਕੀਤਾ। ਸੈਕਰਾਮੈਂਟੋ ਦੇ ਟੈਲੀਵਿਜ਼ਨ ਮੁਤਾਬਕ ਉਸ ਨੇ ਅਜਿਹਾ ਦੋ ਵਾਰ ਕੀਤਾ। ਉਹ ਮਸਕਰੀ ਹਾਸਾ ਹੱਸਦਾ ਤੇ ਹੱਥਕੜੀਆਂ ਲੱਗੇ ਹੋਣ ਦੇ ਬਾਵਜੂਦ ਹੱਥਾਂ ਨਾਲ ਅਜੀਬੋ-ਗਰੀਬ ਇਸ਼ਾਰੇ ਕਰਦਾ ਵਿਖਾਈ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੀ 6 ਅਗਸਤ ਨੂੰ ਮੈਨਟੇਕਾ ਸ਼ਹਿਰ ਦੀ ਇੱਕ ਸੜਕ ਕੰਢੇ ਦੋ ਨੌਜਵਾਨਾਂ ਨੇ 71 ਸਾਲਾ ਸਾਹਿਬ ਸਿੰਘ ਨੱਤ ਨੂੰ ਘੇਰਿਆ ਤੇ ਉਨ੍ਹਾਂ ਦੇ ਢਿੱਡ ਵਿੱਚ ਲੱਤਾਂ ਨਾਲ ਕਈ ਵਾਰ ਕੀਤੇ। ਹਮਲਾਵਰ ਨੇ ਨੱਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ। ਸੀਸੀਟੀਵੀ ਤਸਵੀਰਾਂ ਵਿੱਚ ਕਾਲ਼ੇ ਰੰਗ ਤੇ ਸਫ਼ੈਦ ਰੰਗ ਦੀ ਸਿਰ ਢੱਕਣ ਵਾਲੀ ਵਿਸ਼ੇਸ਼ ਪੋਸ਼ਾਕ ਪਹਿਨੀ ਹਮਲਾਵਰਾਂ ਵਿੱਚੋਂ ਕਾਲ਼ੀ ਹੁੱਡ ਵਾਲੇ ਨੌਜਵਾਨ ਹੱਥ ਬੰਦੂਕ ਫੜੀ ਵੀ ਵਿਖਾਈ ਦਿੱਤੀ ਸੀ।
ਇੰਨਾ ਹੀ ਨਹੀਂ ਉਹ ਜਾਂਦਾ ਹੋਇਆ ਬਜ਼ੁਰਗ ਸਿੱਖ 'ਤੇ ਥੁੱਕ ਵੀ ਗਿਆ। ਇਸ ਤੋਂ ਪਹਿਲਾਂ 31 ਜੁਲਾਈ ਨੂੰ 50 ਸਾਲਾ ਸੁਰਜੀਤ ਸਿੰਘ ਮੱਲ੍ਹੀ 'ਤੇ ਵੀ ਹਮਲਾ ਹੋਇਆ ਸੀ। ਇੱਕ ਹਫ਼ਤੇ ਦੌਰਾਨ ਦੋ ਸਿੱਖਾਂ 'ਤੇ ਹਮਲੇ ਹੋਣ ਨਾਲ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।