Israel-Hamas War: ਇਜ਼ਰਾਈਲ ਅਤੇ ਫਲਸਤੀਨੀ ਸੰਗਠਨ ਹਮਾਸ ਵਿਚਕਾਰ 5 ਦਿਨਾਂ ਤੋਂ ਜੰਗ ਜਾਰੀ ਹੈ। ‘ਟਾਈਮਜ਼ ਆਫ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਹਮਲਿਆਂ ‘ਚ ਹੁਣ ਤੱਕ 3600 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਜ਼ਾਰਾਂ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਮਾਸ ਦੇ ਲੜਾਕਿਆਂ (Hamas Group) ਨੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ ਹੈ।
ਉਨ੍ਹਾਂ ਨੂੰ ਗਾਜ਼ਾ ਪੱਟੀ ਦੇ ਇਲਾਕਿਆਂ ਅਤੇ ਸੁਰੰਗਾਂ ਵਿੱਚ ਰੱਖਿਆ ਗਿਆ ਹੈ। ਜੰਗ ਦੇ ਪੰਜਵੇਂ ਦਿਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਹਮਾਸ ਦੇ ਲੜਾਕਿਆਂ ਵਲੋਂ ਬੰਦੂਕ ਦੀ ਨੋਕ 'ਤੇ ਇਜ਼ਰਾਈਲੀ ਲੋਕਾਂ ਨੂੰ ਬੰਧਕ ਬਣਾਉਂਦਿਆਂ ਦੇਖਿਆ ਜਾ ਸਕਦਾ ਹੈ। ਬੰਧਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਵਾਇਰਲ ਹੋ ਰਹੀ ਵੀਡੀਓ ਨੂੰ ਹਮਾਸ ਵਲੋਂ ਲਾਈਵ ਸਟ੍ਰੀਮ ਕੀਤਾ ਗਿਆ ਹੈ। ਇਸ ਵੀਡੀਓ 'ਚ ਹਮਾਸ ਦੇ ਇਕ ਲੜਾਕੇ ਨੇ ਇਕ ਇਜ਼ਰਾਇਲੀ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾਇਆ ਹੋਇਆ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਦੀ ਲੱਤ 'ਚੋਂ ਖੂਨ ਨਿਕਲ ਰਿਹਾ ਹੈ, ਜਦਕਿ ਉਸ ਦੀ ਪਤਨੀ ਉਸ ਦੇ ਕੋਲ ਬੈਠੀ ਹੈ। ਉਸ ਦੀ ਗੋਦ ਵਿੱਚ ਇੱਕ ਛੋਟੀ ਬੱਚੀ ਵੀ ਹੈ।
ਹਮਾਸ ਦੇ ਲੜਾਕਿਆਂ ਨੇ ਪਰਿਵਾਰ ਨੂੰ ਇਜ਼ਰਾਈਲੀ ਸਰਕਾਰ ਨਾਲ ਗੱਲ ਕਰਨ ਲਈ ਕਿਹਾ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇੱਕ ਬੰਦੂਕਧਾਰੀ ਕਿਵੇਂ ਉਨ੍ਹਾਂ ਨੂੰ ਹੁਕਮ ਕਰ ਰਿਹਾ ਹੈ। ਉਹ ਕਹਿੰਦਾ ਹੈ, "ਆਪਣੇ ਦੇਸ਼ ਨਾਲ ਗੱਲ ਕਰੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਇੱਥੇ ਹੋ।" ਇਸ ਤੋਂ ਬਾਅਦ ਕੈਮਰੇ 'ਚ ਦੇਖ ਕੇ ਇਹ ਵਿਅਕਤੀ ਕਹਿੰਦਾ ਹੈ, " ਹਮਾਸ ਦੇ ਮੈਂਬਰ ਗਾਜ਼ਾ ਦੇ ਕੋਲ ਨਾਹਲ ਓਜ਼ ਦੇ ਕਿਬੁਤਜ਼ ਵਿੱਚ ਸਾਡੇ ਘਰ ਵਿੱਚ ਹਨ। ਮੇਰੀ ਲੱਤ ਵਿੱਚ ਗੋਲੀ ਲੱਗੀ ਹੈ।"
ਹਮਾਸ ਦਾ ਇੱਕ ਮੈਂਬਰ ਉਸ ਵਿਅਕਤੀ ਤੋਂ ਪਛਾਣ ਪੱਤਰ ਮੰਗਦਾ ਹੈ। ਜਦੋਂ ਵਿਅਕਤੀ ਕਹਿੰਦਾ ਹੈ ਕਿ ਉਸ ਨੂੰ ਇਸ ਨੂੰ ਲੱਭਣ ਲਈ ਉੱਠਣਾ ਪਵੇਗਾ, ਤਾਂ ਅਗਵਾਕਾਰਾਂ ਵਿੱਚੋਂ ਇੱਕ ਉਸ ਦੀ ਮਦਦ ਕਰਦਾ ਹੈ। ਵੀਡੀਓ 'ਚ ਵਿਅਕਤੀ ਦੀ ਲੱਤ ਅਤੇ ਜ਼ਖਮ 'ਚੋਂ ਕਾਫੀ ਖੂਨ ਨਿਕਲਦਾ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੰਦੂਕਧਾਰੀ ਗੁਆਂਢ ਦੇ ਹੋਰ ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਘਰ ਛੱਡਣ ਲਈ ਮਜਬੂਰ ਕਰ ਰਹੇ ਹਨ।
ਹਮਾਸ ਨੇ ਇਜ਼ਰਾਈਲ ਨੂੰ ਦਿੱਤੀ ਇਹ ਧਮਕੀ
ਫਲਸਤੀਨੀ ਸੰਗਠਨ ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ 'ਤੇ ਵੱਡੇ ਰਾਕੇਟ ਹਮਲੇ ਤੋਂ ਬਾਅਦ ਘੱਟੋ-ਘੱਟ 150 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਸ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਹਮਾਸ ਨੇ ਧਮਕੀ ਦਿੱਤੀ ਹੈ ਕਿ ਗਾਜ਼ਾ ਪੱਟੀ 'ਤੇ ਕੀਤੇ ਗਏ ਹਵਾਈ ਹਮਲੇ ਦੇ ਬਦਲੇ 'ਚ ਹਰੇਕ ਬੰਧਕ ਨੂੰ ਮਾਰ ਦਿੱਤਾ ਜਾਵੇਗਾ। ਦਰਅਸਲ, ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਨਾਲ ਘੇਰਾ ਪਾਉਣ ਲਈ ਭੋਜਨ, ਪਾਣੀ, ਬਿਜਲੀ, ਗੈਸ ਅਤੇ ਈਂਧਨ ਦੀ ਸਪਲਾਈ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਹਮਾਸ ਨੇ ਇਹ ਧਮਕੀ ਦਿੱਤੀ ਹੈ। ਗਾਜ਼ਾ ਵਿੱਚ 2.3 ਮਿਲੀਅਨ ਲੋਕ ਰਹਿੰਦੇ ਹਨ।
ਇਹ ਵੀ ਪੜ੍ਹੋ: Israel-Hamas War: ਹਮਾਸ ‘ਤੇ ਭਾਰੀ ਪਈ ਇਹ ਲੇਡੀ ਫਾਇਟਰ, ਚੁਣ-ਚੁਣ ਕੇ ਮਾਰੇ 2 ਦਰਜਨ ਤੋਂ ਵੱਧ ਅੱਤਵਾਦੀ, ਇਦਾਂ ਕੀਤਾ ਮੁਕਾਬਲਾ