Russia Ukraine War: ਰੂਸ ਨੇ ਯੂਕਰੇਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਬੰਬਾਰੀ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡਾ ਹਵਾਈ ਹਮਲਾ ਸੀ। ਹਮਲੇ ਤੋਂ ਬਾਅਦ ਯੂਕਰੇਨੀ ਸ਼ਹਿਰਾਂ ਵਿੱਚ ਤਬਾਹੀ ਦੇ ਦ੍ਰਿਸ਼ ਸਾਹਮਣੇ ਆਏ ਹਨ। ਕੀਵ ਖੇਤਰ ਵਿੱਚ ਹੋਏ ਹਮਲੇ ਵਿੱਚ ਕਈ ਮੌਤਾਂ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਤੇ ਕਈ ਲੋਕ ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਮਲੇ ਵਿੱਚ ਰੂਸ ਨੇ 273 ਡਰੋਨ ਦਾਗੇ ਹਨ।

ਯੂਕਰੇਨੀ ਹਵਾਈ ਸੈਨਾ ਦੇ ਅਨੁਸਾਰ, ਜ਼ਿਆਦਾਤਰ ਰੂਸੀ ਹਮਲਿਆਂ ਨੇ ਕੀਵ ਦੇ ਕੇਂਦਰੀ ਖੇਤਰ ਅਤੇ ਦੇਸ਼ ਦੇ ਡਨੀਪ੍ਰੋਪੇਟ੍ਰੋਵਸਕ ਅਤੇ ਡੋਨੇਟਸਕ ਖੇਤਰਾਂ ਦੇ ਪੂਰਬੀ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ ਫਰਵਰੀ 2025 ਵਿੱਚ, ਰੂਸ ਨੇ 267 ਡਰੋਨ ਹਮਲੇ ਕੀਤੇ ਸਨ, ਜੋ ਕਿ ਉਸ ਸਮੇਂ ਇੱਕ ਰਿਕਾਰਡ ਸੀ।ਹਾਲ ਹੀ ਵਿੱਚ, ਇਸਤਾਂਬੁਲ ਵਿੱਚ ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਵਾਰਤਾ ਤਿੰਨ ਸਾਲਾਂ ਬਾਅਦ ਅਸਫਲ ਹੋ ਗਈ। ਦੋਵੇਂ ਧਿਰਾਂ ਸਿਰਫ਼ ਕੈਦੀਆਂ ਦੇ ਆਦਾਨ-ਪ੍ਰਦਾਨ ਲਈ ਸਹਿਮਤ ਹੋਈਆਂ, ਪਰ ਜੰਗਬੰਦੀ 'ਤੇ ਕੋਈ ਸਮਝੌਤਾ ਨਹੀਂ ਹੋ ਸਕਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ।

ਕੀਵ ਖੇਤਰ ਦੇ ਓਬੂਖਿਵ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਹੋਏ ਲੜੀਵਾਰ ਹਮਲਿਆਂ ਵਿੱਚ ਕਈ ਮੌਤਾਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ।

ਯੂਕਰੇਨੀ ਹਵਾਈ ਰੱਖਿਆ ਬਲਾਂ ਨੇ 88 ਡਰੋਨਾਂ ਨੂੰ ਡੇਗ ਦਿੱਤਾ, ਜਦੋਂ ਕਿ 128 ਨਕਲੀ ਡਰੋਨ ਬਿਨਾਂ ਕਿਸੇ ਨੁਕਸਾਨ ਦੇ ਡਿੱਗ ਪਏ। ਕੀਵ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਨੌਂ ਘੰਟਿਆਂ ਲਈ ਹਵਾਈ ਹਮਲੇ ਦੀ ਚੇਤਾਵਨੀ ਲਾਗੂ ਰਹੀ। ਯੂਕਰੇਨ ਦੇ ਡਿਸਇਨਫਾਰਮੇਸ਼ਨ ਸੈਂਟਰ ਦੇ ਮੁਖੀ ਆਂਦਰੇਈ ਕੋਵਾਲੇਨਕੋ ਨੇ ਕਿਹਾ, “ਜਦੋਂ ਗੱਲਬਾਤ ਹੁੰਦੀ ਹੈ ਤਾਂ ਰੂਸ ਹਮੇਸ਼ਾ ਡਰਾਉਣ ਲਈ ਜੰਗ ਦਾ ਸਹਾਰਾ ਲੈਂਦਾ ਹੈ।”

ਪਿਛਲੇ ਦਿਨ, ਯੂਕਰੇਨ ਦੇ ਸੁਮੀ ਖੇਤਰ ਵਿੱਚ ਇੱਕ ਰੂਸੀ ਡਰੋਨ ਹਮਲੇ ਵਿੱਚ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ 9 ਨਾਗਰਿਕ ਮਾਰੇ ਗਏ ਸਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸਨੂੰ "ਜਾਣਬੁੱਝ ਕੇ ਕੀਤਾ ਗਿਆ ਹਮਲਾ" ਕਿਹਾ ਹੈ ਅਤੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ ਹੈ। ਹਾਲਾਂਕਿ, ਰੂਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੱਕ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਸੀ।