ਡੋਨਾਲਡ ਟਰੰਪ ਪ੍ਰਸ਼ਾਸਨ ਨੇ ਦੋ ਜਿਹਾਦੀਆਂ, ਇਸਮਾਈਲ ਰੋਇਰ ਅਤੇ ਸ਼ੇਖ ਹਮਜ਼ਾ ਨੂੰ ਵ੍ਹਾਈਟ ਹਾਊਸ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਸਲਾਹਕਾਰ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਹੈ। ਇਹ ਖੁਲਾਸਾ ਸਭ ਤੋਂ ਪਹਿਲਾਂ ਪੱਤਰਕਾਰ ਲੌਰਾ ਲੂਮਰ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਕੀਤਾ ਸੀ।  ਰੋਇਰ ਨੇ ਅੱਤਵਾਦ ਨਾਲ ਸਬੰਧਤ ਦੋਸ਼ਾਂ ਵਿੱਚ 13 ਸਾਲ ਜੇਲ੍ਹ ਵਿੱਚ ਬਿਤਾਏ ਹਨ। ਰੋਇਰ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗੇ ਸੀ, ਜਿਸ ਵਿੱਚ 2003 ਵਿੱਚ ਅਮਰੀਕਾ ਵਿਰੁੱਧ ਜੰਗ ਛੇੜਨ ਦੀ ਸਾਜ਼ਿਸ਼ ਰਚਣਾ ਅਤੇ ਅਲ-ਕਾਇਦਾ ਅਤੇ ਲਸ਼ਕਰ-ਏ-ਤੋਇਬਾ ਨੂੰ ਸਮਰਥਨ ਦੇਣਾ ਸ਼ਾਮਲ ਸੀ।

ਇਸਮਾਈਲ ਰੋਇਰ ਕੌਣ ਹੈ?

ਇੱਕ ਫੋਟੋਗ੍ਰਾਫਰ ਤੇ ਇੱਕ ਅਧਿਆਪਕ ਦਾ ਪੁੱਤਰ, ਰੈਂਡਲ ਟੌਡ ਰੋਇਰ ਸੇਂਟ ਲੁਈਸ ਵਿੱਚ ਵੱਡਾ ਹੋਇਆ, ਜਿੱਥੇ ਉਹ ਛੋਟੀ ਉਮਰ ਵਿੱਚ ਹੀ ਕੱਟੜਪੰਥੀ ਵੱਲ ਖਿੱਚਿਆ ਗਿਆ ਸੀ। 1992 ਵਿੱਚ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਰੋਇਰ ਨੇ ਆਪਣਾ ਨਾਮ ਬਦਲ ਕੇ ਇਸਮਾਈਲ ਰੱਖ ਲਿਆ। ਉਸਨੇ ਆਪਣੇ ਜੱਦੀ ਸ਼ਹਿਰ ਸੇਂਟ ਲੁਈਸ ਵਿੱਚ ਬੋਸਨੀਆਈ ਸ਼ਰਨਾਰਥੀਆਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਵਾਸ਼ਿੰਗਟਨ, ਡੀ.ਸੀ. ਵਿੱਚ ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ (CAIR) ਨਾਲ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਦੇਸ਼ ਦੇ ਘਰੇਲੂ ਯੁੱਧ ਵਿੱਚ ਲੜਨ ਲਈ ਬੋਸਨੀਆ ਚਲਾ ਗਿਆ। ਬੋਸਨੀਆ ਵਿੱਚ ਜੰਗ ਖਤਮ ਹੋਣ ਤੋਂ ਬਾਅਦ ਰੋਇਰ ਅਮਰੀਕਾ ਵਾਪਸ ਆ ਗਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ, ਉਹ 2000 ਵਿੱਚ ਦੁਬਾਰਾ ਵਿਦੇਸ਼ ਗਿਆ, ਇਸ ਵਾਰ ਪਾਕਿਸਤਾਨ ਗਿਆ, ਜਿੱਥੇ ਉਸਦੀ ਮੁਲਾਕਾਤ ਲਸ਼ਕਰ-ਏ-ਤੋਇਬਾ ਨਾਲ ਹੋਈ।

ਜਦੋਂ ਉਹ ਵਰਜੀਨੀਆ ਵਾਪਸ ਆਇਆ, ਤਾਂ ਉਸਨੇ ਆਪਣੇ ਸਾਥੀ ਮੁਸਲਮਾਨਾਂ ਨਾਲ ਜੰਗਲਾਂ ਵਿੱਚ ਪੇਂਟਬਾਲ (ਇੱਕ ਟੀਮ ਸ਼ੂਟਿੰਗ ਖੇਡ) ਖੇਡਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। 2001 ਵਿੱਚ 9/11 ਦੇ ਹਮਲਿਆਂ ਤੋਂ ਬਾਅਦ ਰੋਇਰ ਵਰਜੀਨੀਆ ਜੇਹਾਦ ਨੈੱਟਵਰਕ ਵਿੱਚ ਇੱਕ ਪ੍ਰਮੁੱਖ ਹਸਤੀ ਸੀ, ਜੋ ਪੇਂਟਬਾਲ ਸਿਖਲਾਈ ਦਾ ਪ੍ਰਬੰਧ ਕਰਦਾ ਸੀ ਤੇ ਹਥਿਆਰਾਂ ਦੀ ਸਿਖਲਾਈ ਲਈ ਲਸ਼ਕਰ ਕੈਂਪਾਂ ਵਿੱਚ ਯਾਤਰਾ ਦੀ ਸਹੂਲਤ ਦਿੰਦਾ ਸੀ। ਵਰਜੀਨੀਆ ਜੇਹਾਦ ਨੈੱਟਵਰਕ ਦੇ ਕੁਝ ਮੈਂਬਰਾਂ ਦਾ ਟੀਚਾ ਅਮਰੀਕੀ ਫੌਜਾਂ ਦੇ ਵਿਰੁੱਧ ਤਾਲਿਬਾਨ ਦਾ ਸਮਰਥਨ ਕਰਨਾ ਸੀ। ਰੋਇਰ ਨੂੰ 2017 ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।

ਸ਼ੇਖ ਹਮਜ਼ਾ ਕੌਣ ?

ਸ਼ੇਖ ਹਮਜ਼ਾ ਯੂਸਫ਼ ਕੈਲੀਫੋਰਨੀਆ ਦੇ ਜ਼ੈਤੁਨਾ ਕਾਲਜ (ਜੋ ਸ਼ਰੀਆ ਕਾਨੂੰਨ ਪੜ੍ਹਾਉਂਦਾ ਹੈ) ਦਾ ਸਹਿ-ਸੰਸਥਾਪਕ ਤੇ ਇੱਕ ਸਾਬਕਾ ਇਸਲਾਮੀ ਅੱਤਵਾਦੀ ਹੈ। ਪੱਤਰਕਾਰ ਲੌਰਾ ਲੂਮਰ ਦੇ ਅਨੁਸਾਰ, ਸ਼ੇਖ ਹਮਜ਼ਾ ਯੂਸਫ਼ ਹਮਾਸ ਤੇ ਮੁਸਲਿਮ ਬ੍ਰਦਰਹੁੱਡ ਦੋਵਾਂ ਨਾਲ ਜੁੜਿਆ ਹੋਇਆ ਹੈ। ਉਸਨੇ ਕਿਹਾ ਕਿ 9/11 ਤੋਂ ਦੋ ਦਿਨ ਪਹਿਲਾਂ, ਯੂਸਫ਼ ਨੇ ਜਮੀਲ ਅਲ-ਅਮੀਨ ਲਈ ਇੱਕ ਫੰਡਰੇਜ਼ਰ ਸਮਾਗਮ ਵਿੱਚ ਭਾਸ਼ਣ ਦਿੱਤਾ ਸੀ। ਜਮੀਲ ਅਲ-ਅਮੀਨ 'ਤੇ ਇੱਕ ਪੁਲਿਸ ਅਧਿਕਾਰੀ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਆਪਣੇ ਭਾਸ਼ਣ ਦੌਰਾਨ ਯੂਸਫ਼ ਨੇ ਸੰਯੁਕਤ ਰਾਜ ਅਮਰੀਕਾ 'ਤੇ ਨਸਲਵਾਦੀ ਦੇਸ਼ ਹੋਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਅਲ-ਅਮੀਨ ਨੂੰ ਫਸਾਇਆ ਗਿਆ ਹੈ। ਅਗਲੇ ਸਾਲ ਅਲ-ਅਮੀਨ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ।

ਯੂਸਫ਼ ਨੇ ਇਹ ਵੀ ਕਿਹਾ ਕਿ ਸ਼ੇਖ ਉਮਰ ਅਬਦੇਲ-ਰਹਿਮਾਨ, ਜਿਸਨੂੰ 1990 ਦੇ ਦਹਾਕੇ ਵਿੱਚ ਨਿਊਯਾਰਕ ਸਿਟੀ ਦੀਆਂ ਥਾਵਾਂ 'ਤੇ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ, 'ਤੇ ਗਲਤ ਮੁਕੱਦਮਾ ਚਲਾਇਆ ਗਿਆ ਸੀ। ਅਲ-ਕਾਇਦਾ ਦੇ 9/11 ਹਮਲਿਆਂ ਤੋਂ ਬਾਅਦ ਸ਼ੇਖ ਹਮਜ਼ਾ ਯੂਸਫ਼ ਤੋਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਪੁੱਛਗਿੱਛ ਕੀਤੀ ਸੀ।  ਸ਼ੇਖ ਹਮਜ਼ਾ ਨੇ ਬ੍ਰਿਟਿਸ਼ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਥਿਆਰ ਵੇਚਣ ਦਾ ਵੀ ਵਿਰੋਧ ਕੀਤਾ। ਇਹੀ ਕਾਰਨ ਹੈ ਕਿ ਉਸਨੂੰ ਦੁਨੀਆ ਦੇ ਚੋਟੀ ਦੇ 500 ਪ੍ਰਭਾਵਸ਼ਾਲੀ ਮੁਸਲਮਾਨਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਅੱਤਵਾਦੀ ਪਿਛੋਕੜ ਦੇ ਬਾਵਜੂਦ, ਸ਼ੇਖ ਹਮਜ਼ਾ ਯੂਸਫ਼ ਨੂੰ ਟਰੰਪ ਪ੍ਰਸ਼ਾਸਨ ਨੇ ਵ੍ਹਾਈਟ ਹਾਊਸ ਸਲਾਹਕਾਰ ਬੋਰਡ ਆਫ਼ ਲੇਅ ਲੀਡਰਜ਼ ਦਾ ਮੈਂਬਰ ਨਿਯੁਕਤ ਕੀਤਾ ਹੈ।