ਨਵੀਂ ਦਿੱਲੀ: ਸਕੂਲਾਂ 'ਚ ਵਿਦਿਆਰਥੀ ਹਜ਼ਾਰਾਂ ਸ਼ਬਦ ਬੋਲਦੇ ਹਨ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਵਿਦਿਆਰਥੀ ਦੇ ਇੱਕ ਸ਼ਬਦ ਬੋਲਣ 'ਤੇ ਪੁਲਿਸ ਬਲਾਉਣ ਦੀ ਲੋੜ ਪੈ ਜਾਵੇ। ਅਜਿਹਾ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਹੈ। ਹੋਇਆ ਇੰਝ ਕੀ ਸਟੂਡੈਂਟ ਦੇ ਮੂੰਹੋਂ ਰੱਬ ਦਾ ਨਾਂ ਨਿਕਲਣ 'ਤੇ ਹੀ ਟੀਚਰ ਨੇ ਪੁਲਿਸ ਬੁਲਾ ਲਈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਅਮਰੀਕਾ ਦੇ ਇੱਕ ਸਕੂਲ ਦਾ ਹੈ ਜਿੱਥੇ 6 ਸਾਲ ਦੇ ਇੱਕ ਮੁਸਲਿਮ ਵਿਦਿਆਰਥੀ ਮੁਹੰਮਦ ਸੁਲੇਮਾਨ ਦੇ 'ਅੱਲ੍ਹਾ' ਤੇ 'ਬੰਬ' ਬੋਲਦੇ ਸਾਰ ਹੀ ਅਧਿਆਪਕ ਡਰ ਗਈ ਤੇ ਵਿਦਿਆਰਥੀ ਨੂੰ ਅੱਤਵਾਦੀ ਸਮਝ ਕੇ ਪੁਲਿਸ ਬੁਲਾ ਲਈ।

ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਮੁਹੰਮਦ ਸੁਲੇਮਾਨ ਦਾ ਜਨਮ ਡਾਉਨ ਸਿੰਡ੍ਰੋਮ ਨਾਲ ਹੋਇਆ ਸੀ। ਡਾਉਨ ਸਿੰਡ੍ਰੋਮ ਅਜਿਹੀ ਬੀਮਾਰੀ ਹੁੰਦੀ ਹੈ ਜਿਸ 'ਚ ਇਨਸਾਨ ਦਾ ਦਿਮਾਗ ਕਾਫੀ ਹੌਲੀ ਵਧਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਪੜ੍ਹਾਉਣ ਵਾਲੇ ਟੀਚਰ ਨੇ ਸਕੂਲ ਛੱਡ ਦਿੱਤਾ ਸੀ। ਨਵੀਂ ਟੀਚਰ ਬੱਚੇ ਨੂੰ ਸਮਝ ਨਹੀਂ ਸਕੀ ਤੇ ਅਜਿਹੀ ਘਟਨਾ ਵਾਪਰ ਗਈ।

ਇਹ ਘਟਨਾ ਹਿਊਸਟਨ ਦੇ ਪਰਲਲੈਂਡ ਸਥਿਤ ਪ੍ਰਾਇਮਰੀ ਸਕੂਲ ਦੀ ਹੈ। ਪਰਲਲੈਂਡ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕਰ ਲਈ ਗਈ ਹੈ ਤੇ ਅੱਗੇ ਕੁਝ ਕਰਨ ਦੀ ਲੋੜ ਨਹੀਂ।