ਕੱਪੜਿਆਂ ਦੀਆਂ ਦੁਕਾਨਾਂ ਦੇ ਟਰਾਇਲ ਰੂਮਾਂ ਅਤੇ ਲੇਡੀਜ਼ ਬਾਥਰੂਮਾਂ ਵਿੱਚ ਕੈਮਰੇ ਲੁਕਾਉਣ ਦੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਪਰ ਇਸ ਵਾਰ ਸੋਸ਼ਲ ਮੀਡੀਆ 'ਤੇ Airbnb ਪ੍ਰਾਪਰਟੀ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਕਹਾਣੀ ਵਾਇਰਲ ਹੋ ਰਹੀ ਹੈ। ਇੱਕ ਅਮਰੀਕੀ ਔਰਤ ਨੇ ਏਅਰਬੀਐਨਬੀ (Airbnb) ਪ੍ਰਾਪਰਟੀ ਵਿੱਚ ਠਹਿਰੀ ਹੋਈ ਸੀ। ਉਥੇ ਪ੍ਰਾਪਰਟੀ ਦੇ ਮਾਲਕ ਨੇ 10 ਤੋਂ ਵੱਧ ਕੈਮਰੇ ਲੁਕੋ ਕੇ ਲਗਾਏ ਹੋਏ ਸਨ। ਔਰਤ ਨੇ ਟਵਿੱਟਰ 'ਤੇ ਆਪਣਾ ਦੁੱਖ ਸਾਂਝਾ ਕੀਤਾ ਹੈ।  


ਇੱਕ ਔਰਤ ਆਪਣੇ ਦੋਸਤ ਨਾਲ ਫਿਲਾਡੇਲਫੀਆ ਗਈ ਸੀ। ਉੱਥੇ ਰਹਿਣ ਲਈ ਆਨਲਾਈਨ ਪਲੇਟਫਾਰਮ Airbnb ਰਾਹੀਂ ਪ੍ਰਾਪਰਟੀ ਬੁੱਕ ਕੀਤੀ। ਇੱਕ ਦਿਨ ਉਥੇ ਰਹਿਣ ਤੋਂ ਬਾਅਦ ਔਰਤ ਦੇ ਦੋਸਤ ਨੂੰ ਸ਼ੱਕ ਹੋਇਆ ਕਿ ਛੱਤ 'ਤੇ ਲੱਗੇ  "ਵਾਟਰ ਸਪ੍ਰਿੰਕਲਰ"  (ਪਾਣੀ ਦੇ ਛਿੜਕਾਅ) 'ਚ ਕੁਝ ਗੜਬੜ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਥੇ ਗੁਪਤ ਕੈਮਰੇ ਲੱਗੇ ਹੋਏ ਸਨ। ਟਵਿੱਟਰ 'ਤੇ, ਔਰਤ ਨੇ ਦਾਅਵਾ ਕੀਤਾ ਕਿ ਉਸ ਪ੍ਰਾਪਰਟੀ ਵਿੱਚ 10 ਤੋਂ ਵੱਧ ਗੁਪਤ ਕੈਮਰੇ ਸਨ। ਕੈਮਰੇ ਸਿਰਫ਼ ਬੈੱਡਰੂਮ ਵਿੱਚ ਹੀ ਨਹੀਂ ਬਲਕਿ ਬਾਥਰੂਮ ਵਿੱਚ ਵੀ ਲਗਾਏ ਗਏ ਸਨ। ਦੋਵਾਂ ਨੇ ਇਕੱਠੇ ਕੈਮਰੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ। ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਖਬਰ ਲਿਖਣ ਤੱਕ ਕਰੀਬ 70 ਹਜ਼ਾਰ ਲੋਕ ਇਸ ਪੋਸਟ ਨੂੰ ਰੀਟਵੀਟ ਕਰ ਚੁੱਕੇ ਹਨ।


 



 


ਔਰਤ ਨੇ Airbnb ਕੰਪਨੀ ਤੋਂ ਇਲਾਵਾ ਸਥਾਨਕ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ। ਔਰਤ ਦਾ ਦਾਅਵਾ ਹੈ ਕਿ ਸ਼ਿਕਾਇਤ ਤੋਂ ਬਾਅਦ Airbnb ਨੇ ਉਸਦੀ ਪ੍ਰਾਪਰਟੀ ਬਦਲ ਦਿੱਤੀ। ਪਰ ਪੁਰਾਣੀ ਪ੍ਰਾਪਰਟੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਕੰਪਨੀ ਨੇ ਮਹਿਲਾ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਅਤੇ ਫਿਲਾਡੇਲਫੀਆ ਪੁਲਿਸ ਨੂੰ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਉਨ੍ਹਾਂ ਨੂੰ ਉਕਤ ਪ੍ਰਾਪਰਟੀ ਵਿੱਚ ਕੋਈ ਕੈਮਰਾ ਨਹੀਂ ਮਿਲਿਆ।


Airbnb ਦੀ ਪ੍ਰਾਪਰਟੀ ਵਿੱਚ ਮਿਲੇ ਕੈਮਰੇ!


ਔਰਤ ਨੇ ਟਵੀਟ ਕਰਕੇ ਲਿਖਿਆ, "Airbnb ਦੀ ਬੁਕਿੰਗ ਕਰਨ ਵੇਲੇ ਸਾਵਧਾਨ ਰਹੋ! ਮੈਂ ਅਤੇ ਮੇਰਾ ਦੋਸਤ ਹਾਲ ਹੀ ਵਿੱਚ ਫਿਲਾਡੇਲਫੀਆ ਵਿੱਚ ਇੱਕ Airbnb ਵਿੱਚ ਠਹਿਰੇ ਸਨ। ਜਿੱਥੇ ਪੂਰੇ ਘਰ ਵਿੱਚ 10 ਤੋਂ ਵੱਧ ਲੁਕਵੇਂ ਕੈਮਰੇ ਮਿਲੇ ਸਨ। ਸ਼ਾਵਰ ਅਤੇ ਬੈੱਡਰੂਮ ਵਿੱਚ ਵੀ ਕੈਮਰੇ ਸਨ। ਉੱਥੇ ਇੱਕ ਸਪ੍ਰਿੰਕਲਰ ਸਿਸਟਮ ਸੀ, ਜਿਸ ਵਿੱਚ ਕੈਮਰਾ ਲੈਂਸ ਲੱਗੇ ਹੋਏ ਸਨ।"


ਉਨ੍ਹਾਂ ਅੱਗੇ ਲਿਖਿਆ, "ਸਾਨੂੰ ਪਤਾ ਲੱਗਾ ਹੈ ਕਿ ਇਹ "ਸਪ੍ਰਿੰਕਲਰ" ਕੈਮਰੇ ਅਜਿਹੀਆਂ ਥਾਵਾਂ 'ਤੇ ਲਗਾਏ ਗਏ ਸਨ ਕਿ ਕਮਰੇ ਦੀ ਪੂਰੀ ਹਿਲਜੁਲ 'ਤੇ ਨਜ਼ਰ ਰੱਖੀ ਜਾ ਸਕੇ। ਅਸੀਂ ਖੁਸ਼ਕਿਸਮਤ ਸੀ ਕਿ ਇਹ ਕੁੜੀਆਂ ਦਾ ਟਰਿੱਪ ਸੀ। ਪਰ ਅਸੀਂ ਕੱਪੜੇ ਬਦਲਣ ਲਈ ਕਈ ਵਾਰ ਨਗਨ ਹੋ ਗਈਆਂ ਸਨ।"


 



ਔਰਤ ਨੇ ਅੱਗੇ ਕਿਹਾ, "ਅਸੀਂ Airbnb ਪ੍ਰਾਪਰਟੀ ਨੂੰ ਆਨਲਾਈਨ ਬੁੱਕ ਕੀਤਾ ਸੀ। ਅਸੀਂ ਕਦੇ ਵੀ ਪ੍ਰਾਪਰਟੀ ਦੇ ਮਾਲਕ ਨੂੰ ਨਹੀਂ ਮਿਲੇ। ਅਸੀਂ ਫੋਨ 'ਤੇ ਗੱਲ ਨਹੀਂ ਕੀਤੀ। ਜਦੋਂ ਵੀ ਅਸੀਂ ਫੋਨ ਕੀਤਾ, ਦੂਜੇ ਪਾਸਿਓਂ ਕੋਈ ਜਵਾਬ ਨਹੀਂ ਆਇਆ। ਹਾਲਾਂਕਿ ਉਹ ਮੈਸੇਜ 'ਤੇ ਜਵਾਬ ਦਿੰਦੇ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰਾਪਰਟੀ ਮਰਦ ਦੀ ਹੈ ਜਾਂ ਔਰਤ ਦੀ। ਪੁਲਿਸ ਨੂੰ ਰਿਪੋਰਟ ਕਰਨ ਤੋਂ ਬਾਅਦ, ਸਾਨੂੰ ਹੋਮ-ਸ਼ੇਅਰਿੰਗ ਪਲੇਟਫਾਰਮ ਰਾਹੀਂ ਕਿਸੇ ਹੋਰ ਪ੍ਰਾਪਰਟੀ 'ਤੇ ਭੇਜ ਦਿੱਤਾ ਗਿਆ। ਸਾਨੂੰ ਨਹੀਂ ਪਤਾ ਕਿ ਮਾਲਕ ਕੋਲ ਕਿਹੜੀ ਫੁਟੇਜ ਸੀ ਅਤੇ ਉਹ ਇਸ ਨਾਲ ਕੀ ਕਰਦਾ ਹੈ? ਇਹ ਬਹੁਤ ਅਸੁਰੱਖਿਅਤ ਅਤੇ ਡਰਾਉਣਾ ਹੈ।"


ਔਰਤ ਨੇ ਸਾਰੀ ਘਟਨਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਨਾਲ ਹੀ ਫੋਟੋਆਂ ਅਤੇ ਵੀਡੀਓ ਵੀ ਸਾਂਝੀਆਂ ਕੀਤੀਆਂ। ਪਹਿਲੀ ਨਜ਼ਰ ਵਿੱਚ ਇਹ ਬਹੁਤ ਡਰਾਉਣਾ ਲੱਗਦਾ ਹੈ, ਕਿਉਂਕਿ Airbnb ਪ੍ਰਾਪਰਟੀ ਰੈਂਟਲ ਇਨ੍ਹੀਂ ਦਿਨੀਂ ਰੁਝਾਨ ਵਿੱਚ ਹੈ ਅਤੇ ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਯੂਰੋਪ ਦੇ ਗ੍ਰੀਸ ਵਿੱਚ Airbnb ਪ੍ਰਾਪਰਟੀ ਵਿੱਚ ਵੀ ਅਜਿਹਾ ਹੀ ਕੁਝ ਦੇਖਿਆ ਗਿਆ ਸੀ।