ਵੈਨਕੂਵਰ: ਗਲੋਬਲ ਅਫੇਅਰਸ ਕੈਨੇਡਾ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਚੀਨ ‘ਚ ਦੋ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਨ ਤੋਂ ਬਾਅਦ, ਹੁਣ ਇੱਕ ਤੀਜੇ ਵਿਅਕਤੀ ਨੂੰ ਵੀ ਚੀਨ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੀਜੇ ਵਿਅਕਤੀ 'ਤੇ ਲੱਗੀ ਰੋਕ, ਕੈਨੇਡਾ ‘ਚ ਚੀਨ ਦੀ ਨਾਮੀ ਐਗਜੀਕਿਊਟਿਵ ਦੀ ਗ੍ਰਿਫਤਾਰੀ ਨਾਲ ਸਬੰਧਤ ਹੈ ਜਾਂ ਨਹੀਂ।
ਗਲੋਬਲ ਅਫੇਅਰਸ ਕੈਨੇਡਾ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਤੀਜੇ ਕੈਨੇਡੀਅਨ ਵਿਅਕਤੀ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ, ਪਰ ਇਸ ਤੋਂ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਵਿਅਕਤੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਖਬਰਾਂ ਹਨ ਕਿ ਇਹ ਵਿਅਕਤੀ ਕੋਈ ਰਾਜਦੂਤ ਨਹੀਂ ਤੇ ਨਾ ਹੀ ਚੀਨ ਵਿੱਚ ਕਿਸੇ ਵਪਾਰ ਵਿੱਚ ਸ਼ਾਮਲ ਸੀ।
ਸੰਸਥਾ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਸੰਪਰਕ ਸਾਧਿਆ ਗਿਆ ਹੈ। ਕੈਨੇਡਾ ਨੇ 1 ਦਸੰਬਰ ਨੂੰ ਚੀਨ ਦੇ ਦੂਰਸੰਚਾਰ ਦਿੱਗਜ ਹੁਆਵੇ ਦੀ ਐਗਜੀਕਿਊਟਿਵ, ਮੈਂਗ ਵਾਨਜੋਊ ਨੂੰ ਗ੍ਰਿਫਤਾਰ ਕਰ ਲਿਆ ਸੀ। ਚੀਨ ਨੇ ਮੈਂਗ ਵਾਨਜੋਊ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਅਮਰੀਕਾ ਵੱਲੋਂ ਕੀਤੀ ਬੇਨਤੀ ਤੋਂ ਬਾਅਦ, ਕੈਨੇਡਾ ਵਿੱਚ ਮੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਦਯੋਗਪਤੀ ਮਾਈਕਲ ਸਪੈਵਰ ਤੇ ਸਾਬਕਾ ਕੈਨੇਡੀਅਨ ਰਾਜਦੂਤ ਮਾਈਕਲ ਕੋਵਰਿਗ ਨੂੰ ਚੀਨ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ।