ਲੰਡਨ: ਬ੍ਰਿਟੇਨ ਵਿੱਚ ਘੱਟ ਉਮਰ ਦੀਆਂ ਕੁੜੀਆਂ ਦੀਆਂ ਛਾਤੀਆਂ ਨੂੰ ਤੱਤੇ ਪੱਥਰਾਂ ਮਾਲ ਦਾਗ਼ਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਕੁੜੀਆਂ ਨੂੰ ਘੱਟ ਆਕਰਸ਼ਕ ਬਣਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ। 'ਦ ਗਾਰਡੀਅਨ' ਅਖ਼ਬਾਰ ਦੀ ਖੋਜੀ ਰਿਪੋਰਟ ਮੁਤਾਬਕ ਯੂਕੇ ਦੇ ਲੰਡਨ, ਯਾਰਕਸ਼ਾਇਰ, ਅਸੇਕਸ ਤੇ ਵੈਸਟ ਮਿਡਲੈਂਡ ਵਿੱਚ ਅਜਿਹੇ ਮਾਮਲੇ ਵਧੇਰੇ ਪਾਏ ਜਾ ਰਹੇ ਹਨ। ਪੂਰੇ ਦੇਸ਼ ਵਿੱਚੋਂ ਹੁਣ ਤਕ ਹਜ਼ਾਰ ਤੋਂ ਵੀ ਵੱਧ ਪੀੜਤ ਕੁੜੀਆਂ ਸਾਹਮਣੇ ਆ ਚੁੱਕੇ ਹਨ। ਇਹ ਪ੍ਰਥਾ ਅਫ਼ਰੀਕੀ ਦੇਸ਼ਾਂ ਵਿੱਚ ਚੱਲਦੀ ਹੈ ਪਰ ਹੁਣ ਦੁਨੀਆ ਦੇ ਅਗਾਂਹਵਧੂ ਇੰਗਲੈਂਡ ਜਿਹੇ ਦੇਸ਼ ਵਿੱਚ ਵੀ ਇਹ ਪ੍ਰਥਾ ਪ੍ਰਚਲਿਤ ਹੋ ਗਈ ਹੈ। ਰਿਪੋਰਟ ਮੁਤਾਬਕ ਕੁੜੀਆਂ ਨੂੰ ਇੰਨਾ ਤਸ਼ੱਦਦ ਉਨ੍ਹਾਂ ਦੀ ਮਾਂ, ਦਾਦੀ, ਚਾਚੀ ਜਾਂ ਹੋਰ ਕੋਈ ਨੇੜਲਾ ਰਿਸ਼ਤੇਦਾਰ ਦਿੰਦਾ ਹੈ। ਛਾਤੀਆਂ ਨੂੰ ਗਰਮ ਪੱਥਰ ਨਾਲ ਦਾਗ਼ਣ ਨਾਲ ਬ੍ਰੈਸਟ ਟਿਸ਼ੂ ਟੁੱਟ ਜਾਂਦੇ ਹਨ ਤੇ ਹੌਲੀ ਹੌਲੀ ਮਰ ਵੀ ਜਾਂਦੇ ਹਨ। ਇਸ ਤਰ੍ਹਾਂ ਛਾਤੀਆਂ ਵਿਕਸਤ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਪਰ ਪੂਰੀ ਪ੍ਰਕਿਰਿਆ ਵਿੱਚ ਪੀੜਤਾ ਨੂੰ ਬੇਹੱਦ ਦਰਦ ਝੱਲਣਾ ਪੈਂਦਾ ਹੈ। ਇਸ ਕਰੂਰਤਾ ਭਰੇ ਕਾਰਜ 'ਤੇ ਬਰਤਾਨਵੀ ਸਰਕਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਗ਼ੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਵਚਨਬੱਧ ਹਨ। ਪਰ ਸਮਾਜਿਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਨੂੰ ਰੋਕਣ ਦੀਆਂ ਬੇਹੱਦ ਘੱਟ ਕੋਸ਼ਿਸ਼ ਕਰਦੀ ਹੈ।