ਵਾਸ਼ਿੰਗਟਨ: ਅਮਰੀਕਾ ਵਿੱਚ ਪੰਜਾਬੀ ਮੂਲ ਦੀ ਔਰਤ, ਉਸ ਦੇ ਦਾਦਾ-ਦਾਦੀ ਤੇ ਅੱਗ ਦੀ ਭੇਟ ਚੜ੍ਹ ਗਏ, ਜਦਕਿ ਉਸ ਦੇ ਦੋ ਬੱਚਿਆਂ ਜ਼ਖ਼ਮੀ ਹੋਏ ਹਨ। ਸ਼ਨੀਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਆਉਣ ਵਾਲੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਨਾ ਰਿਹਾ ਸੀ।


 

ਮ੍ਰਿਤਕਾਂ ਦੀ ਪਛਾਣ ਹਰਲੀਨ ਮੱਗੂ, ਉਸ ਦੇ ਦਾਦਾ ਪਿਆਰਾ ਕੈਂਥ (87), ਦਾਦੀ ਰਘਵੀਰ ਕੌਰ ਕੈਂਥ (82) ਵਜੋਂ ਹੋਈ ਹੈ। ਮੱਗੂ ਦੀ ਅੱਠ ਸਾਲਾ ਕੁੜੀ ਤੇ ਛੇ ਸਾਲਾ ਮੁੰਡੇ ਨੂੰ ਰਾਹਤ ਕਰਮਚਾਰੀਆਂ ਨੇ ਬਚਾਅ ਲਿਆ। ਲੜਕੀ ਦੀ ਹਾਲਤ ਕਾਫੀ ਗੰਭੀਰ ਹੈ ਜਦਕਿ ਲੜਕਾ ਖ਼ਤਰੇ ਤੋਂ ਬਾਹਰ ਹੈ।

ਨਿਊਯਾਰਕ ਸ਼ਹਿਰ ਫਾਇਰ ਵਿਭਾਗ ਦੇ ਉਪ ਮੁਖੀ ਮਿਸ਼ੇਲ ਗਾਲਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸੱਤ ਹੋਰ ਵਿਅਕਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਅੱਗ ਬੁਝਾਊ ਦਸਤੇ ਅੱਗ ਲੱਗਣ ਦੇ ਕਾਰਨ ਤਲਾਸ਼ ਰਹੇ ਹਨ। ਮ੍ਰਿਤਕਾਂ ਦੇ ਰਿਸ਼ਤੇਦਾਰ ਰਣਜੀਤ ਕੌਰ (38) ਨੇ ਕਿਹਾ ਕਿ ਘਰ ਵਿੱਚ ਕਾਫੀ ਵੱਡੀ ਅੱਗ ਲੱਗੀ ਸੀ, ਉਸ ਦੇ ਰੌਲਾ ਪਾਉਣ ਤੇ ਮਦਦ ਆਈ।

ਹਰਲੀਨ ਮੱਗੂ ਆਪਣੇ ਦਾਦਾ ਨਾਲ ਰਹਿੰਦੀ ਸੀ ਤੇ ਉਹ ਘਰ ਵਿੱਚ ਆਪਣੇ ਕਜ਼ਨ ਦੇ ਆਉਣ ਵਾਲੇ ਦੀ ਵਿਆਹ ਖੁਸ਼ੀ ਮਨਾ ਰਹੇ ਸਨ। ਮ੍ਰਿਤਕਾ ਦੇ ਭਰਾ ਪਰਮ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਬਾਹਰ ਆ ਗਈ ਸੀ ਪਰ ਉਹ ਆਪਣੇ ਦਾਦਾ ਦਾਦੀ ਨੂੰ ਬਚਾਉਣ ਲਈ ਮੁੜ ਅੰਦਰ ਚਲੀ ਗਈ ਤੇ ਵਾਪਸ ਨਾ ਆ ਸਕੀ।