ਕਰਾਚੀ: ਹਵਾਈ ਸੈਨਾ ਮਗਰੋਂ ਹੁਣ ਭਾਰਤ-ਪਾਕਿ ਦੀ ਜਲ ਸੈਨਾ ਆਹਮੋ-ਸਾਹਮਣੇ ਹੋ ਗਈ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਸਮੁੰਦਰ ਰਸਤੇ ਵੱਡਾ ਹਮਲਾ ਹੋ ਸਕਦਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਥਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤੀ ਪਣਡੁੱਬੀ ਦੀ ਪਾਕਿ ਸਮੁੰਦਰੀ ਸਰਹੱਦ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਕਾਮ ਕੀਤਾ ਹੈ। ਇਸ ਦੇ ਸਬੂਤ ਵਜੋਂ ਪਾਕਿ ਨੇ ਫੁਟੇਜ਼ ਵੀ ਜਾਰੀ ਕੀਤੀ ਹੈ। ਘਟਨਾ ਬੀਤੇ ਦਿਨ ਦੀ ਹੈ। ਇਹ ਖ਼ਬਰ ਉਸ ਸਮੇਂ ਆਈ ਹੈ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਓ ਸਿਖ਼ਰ ’ਤੇ ਚੱਲ ਰਿਹਾ ਹੈ। ਪਾਕਿ ਨੇਵੀ ਨੇ ਭਾਰਤੀ ਪਣਡੁੱਬੀ ਦੇ ਹਮਲੇ ਦੀ ਫੁਟੇਜ਼ ਮੀਡੀਆ ਸਾਹਮਣੇ ਪੇਸ਼ ਕੀਤੀ। ਇਹ ਫੁਟੇਜ਼ 4 ਮਾਰਚ ਦੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਸਮੁੰਦਰੀ ਸੀਮਾ ਵਿੱਚ ਇੰਡੀਅਨ ਨੇਵੀ ਦੀ ਪਣਡੁੱਬੀ 2035 ਹਾਰਜ ’ਤੇ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਨੇਵੀ ਨੇ ਆਪਣੀ ਕਾਬਲੀਅਤ ਨਾਲ ਸਫਲਤਾਪੂਰਵਕ ਭਾਰਤੀ ਪਣਡੁੱਬੀ ਨੂੰ ਆਪਣੇ ਜਲ ਖੇਤਰ ਵਿੱਚ ਦਾਖ਼ਲ ਹੋਣੋਂ ਰੋਕਿਆ। ਨੇਵਲ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ ਤੇ ਸ਼ਾਂਤੀ ਵੱਲ ਵਧਣਾ ਚਾਹੀਦਾ ਹੈ। ਨੇਵੀ ਨੇ ਕਿਹਾ ਕਿ ਪਾਕਿਸਤਾਨੀ ਨੇਵੀ ਹਮੇਸ਼ਾਂ ਆਪਣੇ ਖੇਤਰੀ ਪਾਣੀ ਦੀ ਸੁਰੱਖਿਆ ਲਈ ਤਿਆਰ ਹੈ ਤੇ ਪੂਰੀ ਸ਼ਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਜਵਾਬ ਦੇਣ ਦੇ ਸਮਰੱਥ ਹੈ। ਪਾਕਿ ਨੇਵੀ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਜਿਵੇਂ ਹੀ ਪਾਕਿ ਨੇਵੀ ਨੇ ਭਾਰਤੀ ਸਬਮਰੀਨ ਵੇਖੀ ਉਨ੍ਹਾਂ ਤੁਰੰਤ ਜਵਾਬੀ ਕਾਰਵਾਈ ਵਜੋਂ ਹਮਲਾ ਕੀਤਾ ਜਿਸਦੇ ਪਿੱਛੋਂ ਭਾਰਤੀ ਸਬਮਰੀਨ ਨੂੰ ਵਾਪਸ ਜਾਣਾ ਪਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਕਿ ਦੀ ਸ਼ਾਂਤੀ ਦੀ ਪਹਿਲ ਕਰਕੇ ਭਾਰਤੀ ਸਬਮਰੀਨ ’ਤੇ ਸਿੱਧਾ ਹਮਲਾ ਨਹੀਂ ਕੀਤਾ।