ਟਿਮ ਨੇ ਆਪਣੇ ਟਵਿੱਟਰ ਖਾਤੇ 'ਤੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ, ਹੁਣ ਬੱਚੇ ਸੌਂ ਗਏ ਹਨ ਤੇ ਮੈਂ ਹੁਣ ਉਨ੍ਹਾਂ ਦੇ ਨਵੇਂ ਖਿਡਾਉਣਿਆਂ ਨਾਲ ਖੇਡ ਸਕਦਾ ਹਾਂ। ਵੀਡੀਓ ਦੇਖਣ ਤੋਂ ਜਾਪਦਾ ਹੈ ਕਿ ਕ੍ਰਿਸਮਿਸ ਮੌਕੇ ਟਿਮ ਦਾ ਮਨ ਬੱਚਿਆਂ ਨੂੰ ਤੋਹਫ਼ੇ ਵਜੋਂ ਮਿਲੇ ਖਿਡਾਉਣਿਆਂ ਨਾਲ ਖੇਡਣ ਦਾ ਹੋਵੇਗਾ, ਪਰ ਬੱਚਿਆਂ ਵੱਲੋਂ ਵਿਹਲ ਨਾ ਮਿਲਣ 'ਤੇ ਉਨ੍ਹਾਂ ਦੀ ਰੀਝ ਪੂਰੀ ਨਹੀਂ ਹੋਈ। ਫਿਰ ਜਦ ਬੱਚੇ ਸੌਂ ਗਏ ਤਾਂ ਉਨ੍ਹਾਂ ਨੂੰ ਆਪਣਾ ਚਾਅ ਪੂਰਾ ਕਰਨ ਮੌਕਾ ਮਿਲਿਆ।
ਇਹ ਪਹਿਲਾ ਮੌਕਾ ਨਹੀਂ ਹੈ ਕਿ ਟਿਮ ਆਪਣੇ ਚੁਲਬੁਲੇ ਟਵੀਟਸ ਕਰਕੇ ਛਾਏ ਹਨ। ਇਸ ਤੋਂ ਪਹਿਲਾਂ ਵੀ ਉਹ ਸਿਆਸਤ ਤੋਂ ਇਲਾਵਾ ਆਮ ਜ਼ਿੰਦਗੀ ਦੌਰਾਨ ਲੋਕਾਂ ਦੀ ਮਦਦ ਕਰਨ ਬਾਰੇ ਵੀ ਲਿਖਦੇ ਰਹਿੰਦੇ ਹਨ।
ਸਿਆਸਤ ਤੋਂ ਪਹਿਲਾਂ ਪੇਸ਼ੇ ਵਜੋਂ ਬੈਂਕ ਮੈਨੇਜਰ ਰਹਿ ਚੁੱਕੇ ਟਿਮ ਉੱਪਲ ਮੂਲ ਰੂਪ ਵਿੱਚ ਪੰਜਾਬੀ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕਿਰਨ ਤੇ ਤਿੰਨ ਬੱਚੇ, ਧੀ ਕਿਰਪਾ ਉੱਪਲ ਤੇ ਪੁੱਤਰ ਨਿਹਾਲ ਤੇ ਫ਼ੌਜਾ ਉੱਪਲ ਹਨ। ਸਾਲ 2008 ਦੀਆਂ ਚੋਣਾਂ ਵਿੱਚ ਟਿਮ ਉੱਪਲ ਕੈਨੇਡਾ ਦੇ ਐਡਮਿੰਟਨ (ਹਲਕਾ- ਸ਼ੈਰਵੁੱਡ ਪਾਰਕ) ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਸਾਲ 2011 ਵਿੱਚ ਉੱਪਲ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੰਤਰੀ ਬਣੇ। ਇਸ ਤੋਂ ਬਾਅਦ 2015 ਦੀਆਂ ਫੈਡਰਲ ਚੋਣਾਂ ਵਿੱਚ ਉਹ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਦੇ ਮੰਤਰੀ ਅਮਰਜੀਤ ਸੋਹੀ ਦੇ ਵਿਰੋਧ ਵਿੱਚ ਐਡਮਿੰਟਨ (ਹਲਕਾ- ਮਿਲ ਵੁੱਡਜ਼) ਤੋਂ ਖੜ੍ਹੇ ਸਨ, ਪਰ ਸਿਰਫ਼ 92 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਅੱਜ ਵੀ ਟਿਮ ਉੱਪਲ ਕੈਨੇਡਾ ਦੀ ਸਿਆਸਤ ਵਿੱਚ ਵੱਡਾ ਨਾਂਅ ਹੈ।