ਨਵੀਂ ਦਿੱਲੀ: ਜਾਪਾਨ 'ਚ ਇੱਕ ਟ੍ਰੇਨ ਦੇ ਫਿਕਸ ਟਾਈਮ ਤੋਂ ਪਹਿਲਾਂ ਚੱਲਣ 'ਤੇ ਰੇਲਵੇ ਆਪਰੇਟਰ ਨੇ ਮੁਆਫੀ ਮੰਗੀ ਹੈ। ਟ੍ਰੇਨ ਆਪਣੇ ਤੈਅ ਟਾਈਮ ਤੋਂ ਸਿਰਫ 20 ਸੈਕੰਡ ਪਹਿਲਾਂ ਚਲਾ ਦਿੱਤੀ ਗਈ ਸੀ। ਜਾਪਾਨ ਦੀਆਂ ਮੀਡੀਆ ਰਿਪੋਰਟਸ ਮੁਤਾਬਕ, ਟੋਕਿਓ ਨੂੰ ਮਿਨਾਮੀ ਨਗਰਿਆਮਾ ਨਾਲ ਜੋੜਣ ਵਾਲੀ 'ਸੁਕੁਬਾ ਐਕਸਪ੍ਰੈਸ' ਵੀਰਵਾਰ ਸਵੇਰੇ 9 ਵਜ ਕੇ 44 ਮਿੰਟ 22 ਸੈਕੰਡ 'ਤੇ ਰਵਾਨਾ ਹੋ ਗਈ। ਇਸ ਟ੍ਰੇਨ ਨੂੰ 9 ਵੱਜ ਕੇ 44 ਮਿੰਟ ਤੇ 40 ਸੈਕੰਡ 'ਤੇ ਰਵਾਨਾ ਹੋਣਾ ਚਾਹੀਦਾ ਸੀ। ਟ੍ਰੇਨ ਦੇ ਜਲਦੀ ਰਵਾਨਾ ਹੋਣ 'ਤੇ ਰੇਲਵੇ ਆਪਰੇਟਰ ਨੇ ਮੁਆਫੀਨਾਮਾ ਜਾਰੀ ਕੀਤਾ। ਕੰਪਨੀ ਨੇ ਕਿਹਾ- ਮੁਸਾਫਰਾਂ ਨੂੰ ਹੋਈ ਇਸ ਪ੍ਰੇਸ਼ਾਨੀ ਕਾਰਨ ਸਾਨੂੰ ਦੁੱਖ ਹੈ।

ਰੇਲਵੇ ਕੰਪਨੀ ਨੇ ਕਿਹਾ ਟ੍ਰੇਨ ਦੇ ਜਲਦੀ ਰਵਾਨਾ ਹੋਣ ਨਾਲ ਮੁਸਾਫਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਤੋਂ ਲੱਗਦਾ ਹੈ ਕਿ ਕਿਸੇ ਮੁਸਾਫਰ ਦੀ ਟ੍ਰੇਨ ਨਹੀਂ ਛੁੱਟੀ। ਜ਼ਿਕਰਯੋਗ ਹੈ ਕਿ ਜਾਪਾਨ 'ਚ ਬੁਲੇਟ ਟ੍ਰੇਨਾਂ ਤੇ ਹੋਰ ਟ੍ਰੇਨਾਂ 'ਚ ਟਾਇਮਿੰਗ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਸਿਰਫ 5 ਸੈਕੰਡ ਦੇਰੀ ਜਾਂ ਜਲਦੀ ਰਵਾਨਾ ਹੋਣ 'ਤੇ ਰੇਲਵੇ ਮੁਆਫੀ ਮੰਗਦਾ ਹੈ। ਟ੍ਰੇਨ ਲੇਟ ਹੋਣ 'ਤੇ ਹਰ ਮੁਸਾਫਰ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ ਕਿ ਟ੍ਰੇਨ ਲੇਟ ਹੋ ਗਈ ਹੈ। ਟ੍ਰੇਨ ਦੇ ਡੱਬੇ 'ਚ ਆ ਕੇ ਅਧਿਕਾਰੀ ਮੁਸਾਫਰਾਂ ਤੋਂ ਦੇਰੀ ਕਾਰਨ ਮੁਆਫੀ ਵੀ ਮੰਗਦਾ ਹੈ।

ਦੱਸ ਦਈਏ ਕਿ ਜਾਪਾਨ 'ਚ ਟ੍ਰੇਨਾਂ ਦੇ ਲੇਟ ਹੋਣ ਦੀ ਔਸਤ 0.9 ਮਿੰਟ ਪ੍ਰਤੀ ਟ੍ਰੇਨ ਹੈ। ਇੱਥੋਂ ਦੇ ਅਫਸਰ ਮੁਸਾਫਰਾਂ ਦਾ ਖਾਸ ਖਿਆਲ ਰੱਖਦੇ ਹਨ। ਦੱਸ ਦਈਏ ਕਿ ਇੰਡੀਅਨ ਰੇਲਵੇ 'ਚ ਜਿੱਥੇ ਟ੍ਰੇਨਾਂ 12 ਤੋਂ 24 ਘੰਟੇ ਲੇਟ ਰਹਿੰਦੀਆਂ ਹਨ, ਉੱਥੇ ਜਾਪਾਨ 'ਚ ਕਿਸੇ ਟ੍ਰੇਨ ਦੇ ਸਿਰਫ 20 ਸੈਕੰਡ ਪਹਿਲਾਂ ਰਵਾਨਾ ਹੋਣ 'ਤੇ ਰੇਲਵੇ ਨੇ ਮੁਆਫੀ ਮੰਗੀ ਹੈ।