ਵਰਜੀਨੀਆ: ਹਰ ਇਨਸਾਨ ਮਿਹਨਤ ਦੀ ਕਮਾਈ ਕਰਨ ਦੇ ਨਾਲ-ਨਾਲ ਇਸ ਆਸ ਵਿੱਚ ਵੀ ਰਹਿੰਦਾ ਹੈ ਕਿ ਉਸ ਨੂੰ ਜਾਂ ਤਾਂ ਕੋਈ ਇਨਾਮ ਮਿਲ ਜਾਵੇ ਜਾਂ ਫਿਰ ਉਸ ਦੀ ਲਾਟਰੀ ਲੱਗ ਜਾਵੇ, ਪਰ ਅਜਿਹਾ ਹੁੰਦਾ ਕਿਸੇ-ਕਿਸੇ ਦੇ ਨਾਲ ਹੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਇੱਕ ਅਜਿਹੀ ਔਰਤ ਬਾਰੇ ਜਿਸ ਦੀ ਇੱਕ ਵਾਰ ਨਹੀਂ ਬਲਕਿ ਤੀਜੀ ਵਾਰ ਲਾਟਰੀ ਲੱਗੀ ਹੈ। ਉਹ ਵੀ "ਕੌਣ ਬਣੇਗਾ ਕਰੋੜਪਤੀ" ਦੇ ਸਭ ਤੋਂ ਵੱਡੇ ਇਨਾਮ ਤੋਂ 5 ਗੁਣਾ ਜ਼ਿਆਦਾ। ਇਹ ਔਰਤ ਅਮਰੀਕਾ ਦੇ ਵਰਜੀਨੀਆ ਸ਼ਹਿਰ ਦੀ ਰਹਿਣ ਵਾਲੀ ਹੈ।
ਵਰਜੀਨੀਆ ਦੀ ਬ੍ਰੈਂਡਾ ਜੈਂਟਰੀ ਦਾ ਇਹ ਸੁਫਨਾ ਇੱਕ ਜਾਂ ਦੋ ਵਾਰ ਨਹੀਂ ਬਲਕਿ ਤਿੰਨ ਵਾਰ ਪੂਰਾ ਹੋਇਆ ਹੈ। ਜੀ ਹਾਂ, ਬ੍ਰੈਂਡਾ ਨੇ ਲਾਟਰੀ ਦੀ ਰਕਮ ਜਿੱਤਣ ਵਿੱਚ ਹੈਟ੍ਰਿਕ ਬਣਾ ਲਈ ਹੈ। ਬ੍ਰੈਂਡਾ ਨੇ ਚਾਰਲੋਟਸਵਿਲ ਵਿੱਚ '50 ਐਕਸ ਮਨੀ' ਟਿਕਟ ਖਰੀਦਿਆ ਤੇ ਇਸ ਤੋਂ ਅਣਜਾਣ ਸੀ ਕਿ ਉਹ ਇਸ ਦੀ ਲੱਕੀ ਵਿਨਰ ਬਣਨ ਜਾ ਰਹੀ ਹੈ। ਉਸ ਨੇ ਲਾਪ੍ਰਵਾਹੀ ਨਾਲ ਇਸ ਨੂੰ ਸਕ੍ਰੈਚ ਕਰ ਦਿੱਤਾ ਤੇ ਫਿਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਇਹ ਕਿੰਨਾ ਵੱਡਾ ਇਨਾਮ ਸੀ।
ਬ੍ਰੈਂਡਾ ਨੇ ਹੁਣ ਤੱਕ 5,000 ਡਾਲਰ, 500 ਡਾਲਰ ਤੇ 50,00,000 ਡਾਲਰ ਦੀਆਂ ਲਾਟਰੀਆਂ ਜਿੱਤੀਆਂ ਹਨ। ਭਾਰਤੀ ਕਰੰਸੀ ਦੇ ਮੁਤਾਬਕ ਇਹ ਰਕਮ ਤਕਰੀਬਨ 33 ਕਰੋੜ ਦੇ ਬਰਾਬਰ ਹੈ ਜੋ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ ਮਿਲਣ ਵਾਲੀ ਸਭ ਤੋਂ ਵੱਢ ਇਨਾਮੀ ਰਕਮ 7 ਕਰੋੜ ਤੋਂ ਕਰੀਬ ਪੰਜ ਗੁਣਾ ਵਧੇਰੇ ਹੈ। ਹੁਣ ਬ੍ਰੈਂਡਾ ਕੋਲ ਇਨ੍ਹਾਂ ਪੈਸਿਆਂ ਨੂੰ ਲੈਣ ਦੇ ਦੋ ਵਿਕਲਪ ਸਨ। ਇੱਕ ਇਹ ਕਿ ਉਹ ਇਹ ਪੈਸੇ ਇੱਕੋ ਸਮੇਂ ਲੈ ਲਵੇ ਜਾਂ ਫਿਰ 30 ਸਾਲ ਤੱਕ ਕਿਸ਼ਤਾਂ ਰਾਹੀਂ ਉਸ ਨੂੰ ਇਹ ਰਕਮ ਦੇ ਦਿੱਤੀ ਜਾਵੇ। ਬ੍ਰੈਂਡਾ ਨੇ ਟੈਕਸ ਬਚਾਉਣ ਲਈ ਦੂਜਾ ਵਿਕਲਪ ਹੀ ਚੁਣਿਆ।