ਜਮਾਲ ਖਸ਼ੋਜੀ ਕਤਲ ਕੇਸ ਦੀ ਸੁਣਵਾਈ ਸ਼ੁਰੂ
ਏਬੀਪੀ ਸਾਂਝਾ | 04 Jan 2019 02:35 PM (IST)
ਨਵੀਂ ਦਿੱਲੀ: ਸਾਉਦੀ ਅਰਬ ਦੇ ਸੀਨੀਅਰ ਪੱਤਰਕਾਰ ਜਮਾਲ ਖਸ਼ੋਜੀ ਦੇ ਕਤਲ ਮਾਮਲੇ ਦੀ ਪੈਰਵੀ ਸ਼ੁਰੂ ਹੋ ਗਈ ਹੈ। ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਇਹ ਹਾਈ-ਪ੍ਰੋਫਾਈਲ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਦੇਸ਼ ਦੇ ਅਟਾਰਨੀ ਜਨਰਲ ਨੇ ਪੱਤਰਕਾਰ ਜਮਾਲ ਖਸ਼ੋਜੀ ਦੇ ਕਤਲ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ 11 ਵਿੱਚੋਂ ਪੰਜ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸਾਊਦੀ ਮੀਡੀਆ ਮੁਤਾਬਕ ਰਾਜਧਾਨੀ ਵਿੱਚ ਹੋਈ ਸੁਣਵਾਈ ਦੌਰਾਨ ਸਾਰੇ 11 ਮੁਲਜ਼ਮ ਆਪਣੇ ਵਕੀਲਾਂ ਸਮੇਤ ਹਾਜ਼ਰ ਸਨ। ਅਟਾਰਨੀ ਜਨਰਲ ਨੇ ਦੱਸਿਆ ਕਿ ਉਨ੍ਹਾਂ ਦੋ ਵਾਰੀ ਤੁਰਕੀ ਨੂੰ ਸਬੂਤ ਦੇਣ ਲਈ ਕਿਹਾ ਸੀ, ਪਰ ਹਾਲੇ ਤਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਮੁਲਜ਼ਮਾਂ ਦੇ ਨਾਂ ਸਰਕਾਰੀ ਤੌਰ ਉਤੇ ਜਾਰੀ ਨਹੀਂ ਕੀਤੇ ਗਏ ਹਨ। ਬੀਤੇ ਸਾਲ ਅਕਤੂਬਰ ਮਹੀਨੇ ਦੌਰਾਨ ਪੱਤਰਕਾਰ ਜਮਾਲ ਖਸ਼ੋਜੀ ਦੀ ਤੁਰਕੀ ਦੇ ਇਸਤਾਂਬੁਲ ਵਿੱਚ ਸਥਿਤ ਸਊਦੀ ਅਰਬ ਦੇ ਵਣਜ ਦੂਤਾਵਾਸ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਹ ਅਮਰੀਕਾ ਦੇ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਦੇ ਸੀਨੀਅਰ ਕਾਲਮਨਵੀਸ ਸਨ। ਜਮਾਲ ਖਸ਼ੋਜੀ ਦੇ ਕਤਲ ਪਿੱਛੇ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ 'ਤੇ ਉਂਗਲੀ ਉੱਠ ਰਹੀ ਹੈ।