ਔਟਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਕੈਬਿਨੇਟ ‘ਚ ਕੁਝ ਅਹਿਮ ਫੇਰਬਦਲ ਕੀਤੇ ਹਨ। ਫੈਡਰਲ ਕੈਬਿਨੇਟ ਦੇ ‘ਚ ਨਵੇਂ ਮੈਂਬਰਾਂ ਦੀ ਐਂਟਰੀ ਹੋਈ ਹੈ। ਟਰੂਡੋ ਨੇ ਐਲਾਨ ਕੀਤਾ ਕਿ ਜਿਸ ‘ਚ ਬ੍ਰਿਟਿਸ਼ ਕੋਲੰਬੀਆ ਤੋਂ ਐਮ.ਪੀ. ਜੋਡੀ ਵਿਲਸਨ ਦੀ ਥਾਂ ਮੌਂਟਰੀਅਲ ਤੋਂ ਐਮ.ਪੀ. ਡੇਵਿਡ ਲਾਮੇਤੀ ਨੂੰ ਨਵਾਂ ਕਾਨੂੰਨ ਮੰਤਰੀ ਨਿਯੁਕਤ ਕੀਤਾ ਗਿਆ। ਹਾਲਾਂਕਿ ਇਸ ਕਦਮ ਨੂੰ ਕੁਝ ਲੋਕ ਵੈਨਕੂਵਰ-ਗਰੈਨਵਿਲ ਐਮ.ਪੀ. ਲਈ ਡਿਮੋਸ਼ਨ ਵੀ ਦੱਸ ਰਹੇ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਨਵੇਂ ਪੋਰਟਫੋਲੀਓ ਨੂੰ ਵੀ ਉਨੇ ਹੀ ਤਜ਼ਰਬੇ ਅਤੇ ਸਾਵਧਾਨੀ ਦੀ ਲੋੜ ਹੈ, ਜਿੰਨੀ ਕਿ ਉਨ੍ਹਾਂ ਦੇ ਪੁਰਾਣੇ ਪੋਰਟਫੋਲੀਓ ਨੂੰ ਸੀ। ਵਿਲਸਨ ਰੇਬੋਲਡ ਨੇ ਵੀ ਆਪਣੇ ਨਵੇਂ ਪੋਰਟਫੋਲੀਓ ਲਈ ਮਾਣ ਜ਼ਾਹਿਰ ਕੀਤਾ ਹੈ, ਅਤੇ ਕਿਹਾ ਕਿ ਵੈਟਰਨ ਅਫੇਅਰਸ ਮੰਤਰੀ ਹੋਣਾ ਬੇਹਦ ਖਾਸ ਕੰਮ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਵੈਟਰਨਸ ਵਾਸਤੇ ਕੰਮ ਕਰਨ ਨੂੰ ਡਿਮੋਸ਼ਨ ਨਹੀਂ ਮੰਨ ਸਕਦੀ।
ਦੂਜੇ ਪਾਸੇ ਮਾਰਖਮ-ਸਟੌਫਵਿਲ ਐਮ.ਪੀ. ਜੇਨ ਫੀਪੌਟ ਦੇ ਕੰਮਕਾਜ ‘ਚ ਵੀ ਥੋੜਾ ਫੇਰਬਦਲ ਹੋਇਆ ਹੈ। ਉਹ ਇੰਡਿਜਿਨਸ ਸਰਵਿਸਿਸ ਮੰਤਰੀ ਅਤੇ ਖਜਾਨਾ ਬੋਰਡ ਦੀ ਵਾਈਸ-ਚੇਅਰ ਤੋਂ ਹੁਣ ਖਜਾਨਾ ਬੋਰਡ ਦੀ ਪ੍ਰਧਾਨ ਚੁਣੀ ਗਈ ਹੈ। ਇਹ ਜਗ੍ਹਾਂ ਬੀਤੇ ਹਫਤੇ ਐਮ.ਪੀ. ਸਕੌਟ ਬ੍ਰਿਸਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ।
ਇਸੇ ਫੇਰਬਦਲ ਦੌਰਾਨ ਸੇਂਟ ਜੌਨ ਦੇ ਸਾਊਥ-ਮਾਊਂਟ ਪਰਲ ਤੋਂ ਐਮ.ਪੀ. ਸੀਮਸ ਓ' ਰੇਗਨ ਨੂੰ ਇੰਡੀਜਨਸ ਸਰਵਿਸ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇੱਕ ਨਵਾਂ ਮੰਤਰਾਲਾ ਵੀ ਸਥਾਪਿਤ ਕੀਤਾ ਗਿਆ ਹੈ, ਰੂਰਲ ਇਕਨੌਮਿਕ ਡਵੈਲਪਮੈਂਟ, ਜਿਸਦੀ ਜਿੰਮੇਵਾਰੀ ਨੋਵਾ ਸਕੌਸ਼ੀਆ ਐਮ.ਪੀ. ਬੇਰਨਾਡੇਟ ਜੌਰਡਨ ਨੂੰ ਸੌਂਪੀ ਗਈ ਹੈ। ਫੈਡਰਲ ਚੋਣਾਂ ਤੋਂ ਪਹਿਲਾਂ ਇਹ ਟਰੂਡੋ ਸਰਕਾਰ ‘ਚ ਆਖਰੀ ਫੇਰਬਦਲ ਮੰਨੇ ਜਾ ਰਹੇ ਹਨ।