ਵਾਸ਼ਿੰਗਟਨ: ਕਿਊਬਾ 'ਚ ਫਿਦੇਲ ਕਾਸਤਰੋ ਦੀ ਮਕਬੂਲੀਅਤ ਸਿਰ ਚੜ੍ਹ ਕੇ ਬੋਲਦੀ ਹੈ ਪਰ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਸਤਰੋ ਨੂੰ ਜ਼ਾਲਮ ਤਾਨਾਸ਼ਾਹ ਕਿਹਾ ਹੈ। ਟਰੰਪ ਨੇ ਕਿਹਾ ਕਿ ''ਇੱਕ ਜ਼ਾਲਮ ਤਾਨਾਸ਼ਾਹ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹੁਣ ਕਿਊਬਾ ਆਜ਼ਾਦ ਭਵਿੱਖ ਵੱਲ ਕਦਮ ਵਧਾ ਸਕੇਗਾ।''
ਇਸ ਤੋਂ ਪਹਿਲਾਂ ਕਾਸਤਰੋ ਦੀ ਮੌਤ ਬਾਰੇ ਟਰੰਪ ਨੇ ਇੱਕ ਟਵੀਟ ਜ਼ਰੀਏ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਿਰਫ ਇੰਨਾ ਲਿਖਿਆ ਸੀ, ''ਫਿਦੇਲ ਕਾਸਤਰੋ ਇਜ਼ ਡੈੱਡ'' ਭਾਵ ਫਿਦੇਲ ਕਾਸਤਰੋ ਮਰ ਗਿਆ ਹੈ। ਕਿਊਬਾ ਦੇ ਲੋਕਾਂ ਦੀ ਸੁਣੀਏ ਤਾਂ ਉਹ ਆਪਣੇ ਰਾਸ਼ਟਰਪਤੀ ਨੂੰ ਦੁਨੀਆ ਦਾ ਪ੍ਰਭਾਵਸ਼ਾਲੀ ਰਾਸ਼ਟਰਪਤੀ ਮੰਨਦੇ ਹਨ। ਉਹ ਕਹਿੰਦੇ ਹਨ ਕਿ ਕਾਸਤਰੋ ਦੁਨੀਆ ਦੀ ਵੱਡੀ ਹਸਤੀ ਸਨ, ਕਿਊਬਾ ਭਾਵੇਂ ਛੋਟਾ ਜਿਹਾ ਦੇਸ਼ ਸੀ ਪਰ ਕਾਸਤਰੋ ਦੀ ਪ੍ਰਭਾਵਸ਼ਾਲੀ ਹਸਤੀ ਕਾਰਨ ਅਮਰੀਕਾ ਕਦੇ ਉਸ ਨੂੰ ਦਬਾ ਨਹੀਂ ਸਕਿਆ।
ਕਾਸਤਰੋ ਜਿੱਥੇ ਵੀ ਜਾਂਦੇ ਸਨ, ਉਨਾਂ ਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਸੀ। ਫਿਦੇਲ 1959 'ਚ ਕਿਊਬਾ ਦੇ ਰਾਸ਼ਟਰਪਤੀ ਬਣੇ ਸੀ। ਦੁਨੀਆ ਦੇ ਸਭ ਤੋਂ ਵੱਡੇ ਕਾਮਰੇਡ ਨੇਤਾ ਕਾਸਤਰੋ ਨੇ ਕਿਊਬਾ ਦੇ ਲੋਕਾਂ ਨੂੰ ਕ੍ਰਾਂਤੀ ਦਾ ਰਾਹ ਦਿਖਾ ਕੇ ਕਿਊਬਾ ਨੂੰ ਇੱਕ ਆਧੁਨਿਕ ਸਮਾਜਵਾਦੀ ਰਾਸ਼ਟਰ ਬਣਾ ਦਿੱਤਾ ਸੀ। ਫਿਦੇਲ ਕਾਸਤਰੋ ਸਾਲਾਂ ਤੱਕ ਅਮਰੀਕਾ ਨੂੰ ਚੁਣੌਤੀ ਦਿੰਦੇ ਰਹੇ ਸਨ, ਕਈ ਵਾਰ ਕਾਸਤਰੋ ਦਾ ਕਤਲ ਕਰਨ ਦੀ ਸਾਜਿਸ਼ ਵੀ ਰਚੀ ਗਈ ਪਰ ਉਹ ਬਚ ਕੇ ਨਿਕਲਦੇ ਰਹੇ।