ਟੋਕਿਓ : ਜਾਪਾਨ ਦੌਰੇ ਦੇ ਦੂਜੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ਼ ਕਿਹਾ ਕਿ ਉੱਤਰੀ ਕੋਰੀਆ ਨਾਲ ਜੰਗ ਹੋਣ 'ਤੇ ਉਨ੍ਹਾਂ ਦਾ ਦੇਸ਼ ਜਾਪਾਨ ਨਾਲ ਮੈਦਾਨ 'ਚ ਉਤਰੇਗਾ। ਉਨ੍ਹਾਂ ਨੇ ਜਾਪਾਨ ਨਾਲ ਅਮਰੀਕਾ ਦੇ ਵਪਾਰਕ ਅਸੰਤੁਲਨ ਨੂੰ ਦੂਰ ਕਰਨ ਦੀ ਕੋਸ਼ਿਸ਼ ਨੂੰ ਵੀ ਆਪਣੇ ਦੌਰੇ ਦਾ ਮਹੱਤਵਪੂਰਣ ਮਕਸਦ ਦੱਸਿਆ। ਜ਼ਿਕਰਯੋਗ ਹੈ ਕਿ ਅਮਰੀਕਾ ਜਿੱਥੇ ਦੁਨੀਆ ਦਾ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਹੈ ਤਾਂ ਜਾਪਾਨ 'ਚ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੈ। ਜਾਪਾਨ ਅਤੇ ਅਮਰੀਕਾ ਦਰਮਿਆਨ ਹੋਣ ਵਾਲੇ ਵਪਾਰ 'ਚ ਦਰਾਮਦ-ਬਰਾਮਦ 'ਚ ਵੱਡਾ ਫਰਕ ਹੈ।


ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਬੈਠਕ ਤੋਂ ਬਾਅਦ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਮਾਮਲੇ 'ਚ ਰਣਨੀਤਕ ਧੀਰਜ ਦਾ ਸਮਾਂ ਪੂਰਾ ਹੋ ਚੁੱਕਾ ਹੈ। ਹੁਣ ਦੋਵੇਂ ਦੇਸ਼ ਉੱਤਰੀ ਕੋਰੀਆ ਦੇ ਹਮਲਾਵਰ ਰੁਖ਼ ਦਾ ਜਵਾਬ ਦੇਣ ਦੀ ਰਣਨੀਤੀ 'ਤੇ ਵਿਚਾਰ ਕਰ ਰਹੇ ਹਨ। ਜਦਕਿ ਅਬੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਉੱਤਰੀ ਕੋਰੀਆ ਨੂੰ ਲੈ ਕੇ ਸਾਰੇ ਬਦਲ ਖੁੱਲ੍ਹੇ ਹੋਣ ਦੇ ਬਿਆਨ ਦੇ ਪੂਰੀ ਤਰ੍ਹਾਂ ਨਾਲ ਹਨ।
ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੇ ਮੁੱਦੇ 'ਤੇ ਜਾਪਾਨ ਸੌ ਫ਼ੀਸਦੀ ਅਮਰੀਕਾ ਦੇ ਨਾਲ ਹੈ। ਇਸ ਤੋਂ ਪਹਿਲਾਂ ਟਰੰਪ ਨੇ ਦੋਵਾਂ ਦੇਸ਼ਾਂ 'ਚ ਮੁਕਤ ਅਤੇ ਸੰਤੁਲਿਤ ਵਪਾਰ 'ਤੇ ਜ਼ੋਰ ਦਿੱਤਾ। ਕਿਹਾ, ਇਸ ਸਹਿਯੋਗ 'ਚ ਅਮਰੀਕਾ ਨੂੰ ਦਹਾਕਿਆਂ ਤੋਂ ਭਾਰੀ ਘਾਟਾ ਝੱਲਣਾ ਪੈ ਰਿਹਾ ਹੈ ਜੋ ਠੀਕ ਨਹੀਂ ਹੈ। ਬਾਵਜੂਦ ਇਸਦੇ ਦੋਵਾਂ ਦੇਸ਼ਾਂ ਦੇ ਸਬੰਧ ਇਸ ਸਮੇਂ ਸਭ ਤੋਂ ਜ਼ਿਆਦਾ ਮਜ਼ਬੂਤ ਸਥਿਤੀ 'ਚ ਹਨ।