ਟਰੰਪ ਨੂੰ ਆਰਥਿਕ ਸਲਾਹਕਾਰ ਦਾ ਝਟਕਾ
ਏਬੀਪੀ ਸਾਂਝਾ | 08 Mar 2018 12:14 PM (IST)
ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਸਭ ਤੋਂ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਵਪਾਰ ਨੀਤੀ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ। ਕੋਹਨ ਨੇ ਵ੍ਹਾਈਟ ਹਾਊਸ ਦੀ ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਟੀਲ ਦੀ ਦਰਾਮਦ ’ਤੇ 25 ਫੀਸਦ ਤੇ ਐਲੂਮੀਨੀਅਮ ਦੀ ਦਰਾਮਦ ’ਤੇ 10 ਫੀਸਦ ਟੈਕਸ ਲਾਉਣ ਦੇ ਟਰੰਪ ਦੇ ਫ਼ੈਸਲੇ ਕਾਰਨ ਦੋਹਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਕਾਰਨ ਕੋਹਨ ਨੇ ਅਸਤੀਫ਼ਾ ਦਿੱਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਕੋਹਨ ਦੇ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ ਗਿਆ। ਉੱਧਰ, ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਟਰੰਪ ਨੇ ਕਿਹਾ, ‘‘ਗੈਰੀ ਮੇਰੇ ਮੁੱਖ ਆਰਥਿਕ ਸਲਾਹਕਾਰ ਸਨ ਤੇ ਉਨ੍ਹਾਂ ਨੇ ਸਾਡਾ ਏਜੰਡਾ ਲਾਗੂ ਕਰਨ ਵਿੱਚ ਲਾਜਵਾਬ ਕੰਮ ਕੀਤਾ ਹੈ ਤੇ ਕਾਫ਼ੀ ਸਮੇਂ ਤੋਂ ਚੱਲਦੇ ਆ ਰਹੇ ਟੈਕਸਾਂ ਨੂੰ ਘਟਾਉਣ, ਸੋਧਾਂ ਕਰਨ ਤੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਇਕ ਵਾਰ ਫਿਰ ਮੁੜ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਕਾਫੀ ਮਦਦ ਕੀਤੀ ਹੈ। ਮੈਂ ਅਮਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।