ਵਾਸ਼ਿੰਗਟਨ: ਅਮਰੀਕਾ ਦੇ ਪਰਮਾਣੂ ਊਰਜਾ ਕੇਂਦਰਾਂ ਦੀ ਉਤਪਾਦਨ ਸਮਰੱਥਾ ਵਧਾਉਣ ਸਬੰਧੀ ਬਣਾਏ ਨਵੇਂ ਕਾਨੂੰਨ ਤੋਂ ਕੁਝ ਦਿਨ ਬਾਅਦ ਟਰੰਪ ਨੇ ਇਸ ਦਾ ਜ਼ਿੰਮਾ ਭਾਰਤੀ ਮੂਲ ਦੀ ਪਰਮਾਣੂ ਵਿਗਿਆਨੀ ਨੂੰ ਸੌਂਪ ਦਿੱਤਾ ਹੈ। ਰੀਟਾ ਬਰਨਵਾਲ ਨੂੰ ਊਰਜਾ ਵਿਭਾਗ ਵਿੱਚ ਉੱਚ ਪ੍ਰਸ਼ਾਸਨਿਕ ਅਹੁਦਾ ਸੌਂਪਿਆ ਜਾਵੇਗਾ।
ਟਰੰਪ ਨੇ ਆਪਣੀ ਤਰਫ਼ੋਂ ਰੀਟਾ ਬਰਨਵਾਲ ਦੀ ਊਰਜਾ ਵਿਭਾਗ ਵਿੱਚ ਊਰਜਾ (ਪਰਮਾਣੂ ਊਰਜਾ) ਸਹਾਇਕ ਸਕੱਤਰ ਵਜੋਂ ਸਿਫਾਰਸ਼ ਕੀਤੀ ਹੈ। ਜੇਕਰ ਸੈਨੇਟ ਇਸ ਸਿਫਾਰਸ਼ ਨੂੰ ਮਨਜ਼ੂਰ ਕਰਦੀ ਹੈ ਤਾਂ ਰੀਟਾ ਨੂੰ ਪਰਮਾਣੂ ਊਰਜਾ ਕੇਂਦਰਾਂ ਦਾ ਨਵਾਂ ਆਧੁਨਿਕ ਢਾਂਚਾ ਵਿਕਸਤ ਕਰਨ ਤੇ ਇਸ ਖੇਤਰ ਵਿੱਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਬਰਨਵਾਲ ਨੇ ਐਮਆਈਟੀ ਤੋਂ ਮੈਟੀਰੀਅਲਜ਼ ਸਾਇੰਸ ਐਂਡ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਤੇ ਯੂਨੀਵਰਸਟੀ ਆਫ਼ ਮਿਸ਼ੀਗਨ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਇਸ ਸਮੇਂ ਉਹ ਪਰਮਾਣੂ ਖੋਜ ਦੇ ਪ੍ਰਸਿੱਧ ਅਦਾਰੇ 'ਗੇਨ' ਦੀ ਨਿਰਦੇਸ਼ਕਾ ਹੈ ਤੇ ਉਨ੍ਹਾਂ ਅਮਰੀਕੀ ਜਲ ਸੈਨਾ ਦੇ ਪਰਮਾਣੂ ਰਿਐਕਟਰਾਂ ਲਈ ਵੀ ਕੰਮ ਕੀਤਾ ਹੋਇਆ ਹੈ। ਇਸ ਸਭ ਤੋਂ ਇਲਾਵਾ ਉਹ ਪ੍ਰਮਾਣੂ ਊਰਜਾ ਨੂੰ ਉਸਾਰੂ ਢੰਗ ਵਿੱਚ ਵਰਤਣ ਲਈ ਵੀ ਬਲਾਗ ਲਿਖਦੇ ਰਹਿੰਦੇ ਹਨ।