ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਧਮਕੀ ਭਰੇ ਲਹਿਜ਼ੇ 'ਚ ਸਾਊਦੀ ਅਰਬ ਪ੍ਰਤੀ ਬਿਆਨ ਦਿੱਤਾ ਹੈ। ਇਹ ਬਿਆਨ ਸਾਊਦੀ ਅਰਬ ਲਈ ਹੀ ਨਹੀਂ ਬਲਕਿ ਕਈ ਦੇਸ਼ਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਦਰਅਸਲ, ਮੰਗਲਵਾਰ ਨੂੰ ਮਿਸੀਸਿਪੀ 'ਚ ਪ੍ਰੋਗਰਾਮ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਸਮਰਥਨ ਬਿਨਾਂ ਸਾਊਦੀ ਅਰਬ ਦੇ ਕਿੰਗ ਦੋ ਹਫਤੇ ਵੀ ਸੱਤਾ 'ਚ ਨਹੀਂ ਰਹਿ ਸਕਦੇ।


ਟਰੰਪ ਨੇ ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਸੰਬੋਧਨ ਕਰਦਿਆਂ ਕਿਹਾ, "ਅਸੀਂ ਸਾਊਦੀ ਅਰਬ ਦੀ ਹਿਫਾਜ਼ਤ ਕਰਦੇ ਹਾਂ। ਮੈਂ ਕਿੰਗ ਨਾਲ ਪਿਆਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਉਨ੍ਹਾਂ ਦੀ ਹਿਫਾਜ਼ਤ ਨਾ ਕਰੇ ਤਾਂ ਉਹ ਦੋ ਹਫਤੇ ਵੀ ਸੱਤਾ 'ਚ ਨਹੀਂ ਰਹਿ ਸਕਦੇ।"


ਟਰੰਪ ਦੇ ਇਨ੍ਹਾਂ ਕਠੋਰ ਸ਼ਬਦਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਦਾ ਸਾਊਦੀ ਅਰਬ ਨਾਲ ਗਹਿਰਾ ਸਬੰਧ ਰਿਹਾ ਹੈ। ਇਹ ਸਬੰਧ ਇਰਾਨ ਖਿਲਾਫ ਇੱਕ ਤਲਵਾਰ ਦੇ ਰੂਪ 'ਚ ਦੇਖੇ ਜਾਂਦੇ ਹਨ। ਇਹੀ ਵਜ੍ਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਪਿਛਲੇ ਸਾਲ ਆਪਣੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਦੌਰਾਨ ਸਾਊਦੀ ਅਰਬ ਨੂੰ ਪਹਿਲਾ ਪੜਾਅ ਬਣਾਇਆ ਸੀ।


ਸਾਊਦੀ ਅਰਬ ਦੀ ਨਿਊਜ਼ ਏਜੰਸੀ ਐਸਪੀਏ ਮੁਤਾਬਕ ਖ਼ਬਰ ਇਹ ਵੀ ਹੈ ਕਿ ਸਾਊਦੀ ਕਿੰਗ ਸਲਮਾਨ ਨੇ ਸ਼ਨੀਵਾਰ ਅਮਰੀਕੀ ਰਾਸ਼ਟਰਪਤੀ ਨਾਲ ਫੋਨ 'ਤੇ ਗੱਲ ਕੀਤੀ ਤੇ ਤੇਲ ਦੀਆਂ ਕੀਮਤਾਂ ਕਾਬੂ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਨੂੰ ਦੱਸਿਆ। ਤੇਲ ਐਕਸਪੋਰਟ ਦੇ ਮਾਮਲੇ 'ਚ ਸਾਊਦੀ ਅਰਬ ਦੁਨੀਆਂ ਦਾ ਨੰਬਰ ਇੱਕ ਦੇਸ਼ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਟਰੰਪ ਤੇਲ ਦੀਆਂ ਕੀਮਤਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਅਜਿਹੇ 'ਚ ਅਮਰੀਕਾ ਦੀ ਇਹ ਦੂਜੀ ਧਮਕੀ ਮੰਨੀ ਜਾ ਰਹੀ ਹੈ।