ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਮਹਾਮਾਰੀ ਦੇ ਮਸਲੇ 'ਤੇ ਚੀਨ ਖ਼ਿਲਾਫ਼ ਸਖ਼ਤ ਰਵੱਈਆ ਅਪਣਾ ਲਿਆ ਹੈ। ਟਰੰਪ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਕਿ ਚੀਨ ਕੋਰੋਨਾ ਵਾਇਰਸ ਲਈ ਜਿੰਮੇਵਾਰ ਹੈ। ਜੇਕਰ ਅਜਿਹਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਟਰੰਪ ਨੇ ਕਿਹਾ ਵਾਇਰਸ ਨੂੰ ਚੀਨ 'ਚ ਸ਼ੁਰੂ ਹੋਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਪੂਰੀ ਦੁਨੀਆਂ ਇਸ ਤੋਂ ਪੀੜਤ ਹੋ ਚੁੱਕੀ ਹੈ। ਚੀਨ ਦਾ ਨਾਂ ਨਾ ਲੈਂਦਿਆਂ ਟਰੰਪ ਨੇ ਕਿਹਾ ਕਿ ਉਹ ਜਾਣਬੁੱਝ ਕੇ ਜ਼ਿੰਮੇਵਾਰ ਸਨ, ਨਿਸਚਿਤ ਰੂਪ ਨਾਲ ਇਹ ਇਕ ਗਲਤੀ ਸੀ। ਅਮਰੀਕਾ 'ਚ ਹੁਣ ਤਕ 39 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ ਜਦਕਿ ਸੱਤ ਲੱਖ 38 ਹਜ਼ਾਰ ਪੀੜਤ ਹਨ। ਇਕੱਲੇ ਸ਼ਨੀਵਾਰ 1867 ਮੌਤਾਂ ਹੋਈਆਂ ਜਦਕਿ 29 ਹਜ਼ਾਰ, 57 ਨਵੇਂ ਮਾਮਲੇ ਸਾਹਮਣੇ ਆਏ।
ਟਰੰਪ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਖ਼ਬਰਾਂ 'ਤੇ ਧਿਆਨ ਦੇ ਰਿਹਾ ਹੈ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਪ੍ਰਯੋਗਸ਼ਾਲਾ ਤੋਂ ਪੈਦਾ ਹੋਇਆ ਹੈ। ਚੀਨ ਕਹਿੰਦਾ ਹੈ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਅਸੀਂ ਵੀ ਇਸਦੀ ਪੜਤਾਲ ਕਰ ਰਹੇ ਹਾਂ।
ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪਿਓ ਨੇ ਵੀ ਸ਼ਨੀਵਾਰ ਚੀਨ ਤੇ ਕੋਰੋਨਾ ਨਾਲ ਜੁੜੀ ਜਾਣਕਾਰੀ ਲੁਕਾਉਣ ਦੇ ਇਲਜ਼ਾਮ ਲਾਏ। ਉਨ੍ਹਾਂ ਦਾ ਕਹਿਣਾ ਕਿ ਚੀਨ ਨੂੰ ਖੁਦ ਦੁਨੀਆਂ ਨਾਲ ਕੋਰੋਨਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਦੁਨੀਆਂ ਭਰ ਦੇ ਵਿਗਿਆਨਕਾਂ ਨੂੰ ਇਹ ਜਾਣਨ ਦੇਣ 'ਚ ਮਦਦ ਕਰਨੀ ਚਾਹੀਦੀ ਹੈ ਕਿ ਆਖਰ ਵਾਇਰਸ ਕਿਵੇਂ ਸ਼ੁਰੂ ਹੋਇਆ।