ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਚੀਨ 'ਤੇ ਵੱਡਾ ਇਲਜ਼ਾਮ ਲਾਇਆ ਹੈ। ਟਰੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਦੀ ਪ੍ਰਯੋਗਸ਼ਾਲਾ ਵਿੱਚ ਹੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਚੀਨ 'ਤੇ ਵੱਡੀਆਂ ਪਾਬੰਦੀਆਂ ਲਾਉਣ ਦੀ ਵੀ ਧਮਕੀ ਦਿੱਤੀ ਹੈ। ਅਮਰੀਕਾ ਪਹਿਲਾਂ ਵੀ ਚੀਨ 'ਤੇ ਵਿੱਤੀ ਪਾਬੰਦੀਆਂ ਲਾ ਚੁੱਕਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਕਾਫੀ ਨੁਕਸਾਨ ਵੀ ਝੱਲਣਾ ਪਿਆ ਸੀ।
ਟਰੰਪ ਨੇ ਕਿਹਾ ਹੈ ਕਿ ਇਸ ਦੇ ਸਬੂਤ ਮਿਲੇ ਹਨ ਕਿ ਕੋਰੋਨਾ ਵਾਇਰਸ ਚੀਨ ਦੇ ਸ਼ਹਿਰ ਵੁਹਾਨ ਦੀ ਪ੍ਰਯੋਗਸ਼ਾਲਾ ਵਿੱਚ ਤਿਆਰ ਹੋਇਆ ਹੈ। ਟਰੰਪ ਨੂੰ ਇਹ ਪੁੱਛਣ 'ਤੇ ਕਿ ਉਹ ਕਿੰਨੇ ਕੁ ਪੱਕੇ ਹਨ ਕਿ ਇਹ ਵਾਇਰਸ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ 'ਚੋਂ ਲੀਕ ਹੋਇਆ ਹੈ, ਤਾਂ ਰਾਸ਼ਟਰਪਤੀ ਨੇ ਜਵਾਬ ਦਿੱਤਾ ਕਿ ਉਹ ਆਪਣੀ ਗੱਲ 'ਤੇ ਪੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਹੋਰ ਕੁਝ ਨਹੀਂ ਦੱਸ ਸਕਦੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਟਰੰਪ ਨੇ ਕਿਹਾ ਸੀ, "ਚੀਨ ਨੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਪ੍ਰਬੰਧਨ ਕੀਤਾ ਹੈ, ਉਸ ਤੋਂ ਸਾਫ ਹੈ ਕਿ ਉਹ ਮੁੜ ਤੋਂ ਉਨ੍ਹਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੁਣੇ ਜਾਣ ਤੋਂ ਰੋਕਣ ਲਈ ਕੁਝ ਵੀ ਕਰ ਸਕਦਾ ਹੈ।" ਕੋਰੋਨਾ ਵਾਇਰਸ ਮਸਲੇ 'ਤੇ ਆਪਣਾ ਸਖ਼ਤ ਰੁਖ਼ ਅਖ਼ਤਿਆਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਚੀਨ ਨੂੰ ਲੈ ਕੇ ਉਨ੍ਹਾਂ ਕੋਲ ਨਤੀਜੇ ਦੇ ਕਈ ਬਦਲ ਹਨ, ਅਸੀਂ ਹਰ ਸੰਭਵ ਹੱਲ ਕਰਾਂਗੇ। ਟਰੰਪ ਨੇ ਕੋਵਿਡ-19 ਮਹਾਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਅਮਰੀਕਾ ਵਿਚ 61 ਹਜ਼ਾਰ ਤੋਂ ਜ਼ਿਆਦਾ ਲੋਕ ਮਰ ਚੁੱਕੇ ਹਨ ਅਤੇ ਅਰਥਚਾਰੇ ਨੂੰ ਕਰਾਰੀ ਸੱਟ ਵੱਜੀ ਹੈ।
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਇਸ ਸਾਲ ਨਵੰਬਰ ਮਹੀਨੇ ਪ੍ਰਸਤਾਵਿਤ ਹੈ ਜਦਕਿ ਇਸ ਸਮੇਂ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਅਮਰੀਕਾ ਵਿੱਚ ਮਹਾਮਾਰੀ ਨਾਲ 61 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਜਦਕਿ 11 ਲੱਖ ਤੋਂ ਜ਼ਿਆਦਾ ਬਿਮਾਰ ਹਨ।
ਲੋਕਾਂ ਵਿੱਚ ਚਰਚਾ ਹੈ ਕਿ ਟਰੰਪ ਨੇ ਸਮਾਂ ਰਹਿੰਦੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਇੰਤਜ਼ਾਮ ਨਹੀਂ ਕੀਤਾ। ਇਸ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਚੀਨ ਨੂੰ ਵਾਇਰਸ ਦੇ ਫੈਲਣ ਅਤੇ ਉਸ ਨਾਲ ਹੋ ਰਹੇ ਨੁਕਸਾਨ ਦੇ ਬਾਰੇ ਵਿਚ ਦੁਨੀਆ ਨੂੰ ਦੱਸਣਾ ਚਾਹੀਦਾ ਸੀ ਪ੍ਰੰਤੂ ਉਸ ਨੇ ਜਾਣਕਾਰੀਆਂ ਨੂੰ ਲੁਕਾ ਕੇ ਰੱਖਿਆ। ਉਸੇ ਦਾ ਨਤੀਜਾ ਹੋਇਆ ਕਿ ਪੂਰੀ ਦੁਨੀਆ ਨੂੰ ਭਾਰੀ ਨੁਕਸਾਨ ਹੋਇਆ।
ਟਰੰਪ ਨੇ ਦਿੱਤੇ ਚੀਨ ਖ਼ਿਲਾਫ਼ ਵੱਡੀ ਕਾਰਵਾਈ ਦੇ ਸੰਕੇਤ
ਏਬੀਪੀ ਸਾਂਝਾ
Updated at:
01 May 2020 08:32 AM (IST)
ਟਰੰਪ ਨੇ ਕਿਹਾ ਕਿ ਚੀਨ ਨੂੰ ਵਾਇਰਸ ਦੇ ਫੈਲਣ ਅਤੇ ਉਸ ਨਾਲ ਹੋ ਰਹੇ ਨੁਕਸਾਨ ਦੇ ਬਾਰੇ ਵਿਚ ਦੁਨੀਆ ਨੂੰ ਦੱਸਣਾ ਚਾਹੀਦਾ ਸੀ ਪ੍ਰੰਤੂ ਉਸ ਨੇ ਜਾਣਕਾਰੀਆਂ ਨੂੰ ਲੁਕਾ ਕੇ ਰੱਖਿਆ। ਉਸੇ ਦਾ ਨਤੀਜਾ ਹੋਇਆ ਕਿ ਪੂਰੀ ਦੁਨੀਆ ਨੂੰ ਭਾਰੀ ਨੁਕਸਾਨ ਹੋਇਆ।
- - - - - - - - - Advertisement - - - - - - - - -