ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ਨਸਲੀ ਟਿੱਪਣੀ ਨੂੰ ਲੈ ਕੇ ਨਿਸ਼ਾਨੇ ‘ਤੇ ਆ ਗਏ ਹਨ। ਅਮਰੀਕੀ ਸੰਸਦਾਂ ਨੇ ਰਾਸ਼ਟਰਪਤੀ ਟਰੰਪ ਦੀ ਨਸਲੀ ਟਿੱਪਣੀ ਖਿਲਾਫ ਨਿੰਦਾ ਮਤਾ ਪਾਸ ਕੀਤਾ ਹੈ। ਇਸ ਦੇ ਪੱਖ ‘ਚ 235 ਡੈਮੋਕ੍ਰੇਟਿਕ ਸੰਸਦ ਮੈਂਬਰਾਂ ਤੋਂ ਇਲਾਵਾ ਚਾਰ ਰਿਪਬਲੀਕਨ ਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਵੋਟ ਕੀਤਾ। ਪ੍ਰਤੀਨਿਧੀ ਸਭਾ ‘ਚ ਡੈਮੋਕ੍ਰੇਟਿਕ ਪਾਰਟੀ ਬਹੁਮਤ ‘ਚ ਹੈ।

ਮਤੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਸਲੀ ਟਿੱਪਣੀਆਂ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਮਤੇ ‘ਚ ਕਿਹਾ ਗਿਆ ਕਿ ਇਸ ਟਿੱਪਣੀ ਨੇ ਨਵੇਂ ਅਮਰੀਕੀਆਂ ਤੇ ਅਸ਼ਵੇਤ ਲੋਕਾਂ ਪ੍ਰਤੀ ਡਰ ਤੇ ਨਫਰਤ ਨੂੰ ਹੁਲਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਨਕ ਘੱਟ ਗਿਣਤੀ ਭਾਈਚਾਰੇ ਦੀਆਂ ਡੈਮੋਕ੍ਰੈਟਿਕ ਔਰਤ ਸੰਸਦ ਮੈਂਬਰਾਂ ‘ਤੇ ਹਮਲਾ ਕਰਦੇ ਕਿਹਾ ਸੀ ਕਿ ਜੋ ਅਮਰੀਕਾ ਨਾਲ ਨਫਰਤ ਕਰਦੇ ਹਨ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।


ਟਰੰਪ ਨੇ ਟਵੀਟ ਕਰ ਕਿਹਾ ਸੀ, “ਸਾਡਾ ਦੇਸ਼ ਆਜ਼ਾਦ, ਖੂਬਸੂਰਤ ਤੇ ਬਹੁਤ ਕਾਮਯਾਬ ਹੈ। ਜੇਕਰ ਤੁਸੀਂ ਸਾਡੇ ਦੇਸ਼ ਤੋਂ ਨਫਰਤ ਕਰਦੇ ਹੋ ਜਾਂ ਤੁਸੀਂ ਇੱਥੇ ਖੁਸ਼ ਨਹੀਂ ਤਾਂ ਤੁਸੀਂ ਜਾ ਸਕਦੇ ਹੋ।” ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਪਹਿਲਾ ਹੀ ਟਰੰਪ ਦੀ ਟਿੱਪਣੀ ਨੂੰ ਨਸਲੀ ਕਰਾਰ ਦਿੱਤਾ ਸੀ।