ਜੂਨੀਅਰ ਟਰੰਪ ਕਰਨਗੇ ਭਾਰਤ 'ਚ ਕਾਰੋਬਾਰ
ਏਬੀਪੀ ਸਾਂਝਾ | 18 Feb 2018 03:59 PM (IST)
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਸੋਮਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਜੂਨੀਅਰ ਟਰੰਪ ਗੁਰੂਗ੍ਰਾਮ 'ਚ ਆਪਣੇ ਅਹਿਮ ਰਿਹਾਇਸ਼ੀ ਪ੍ਰਾਜੈਕਟ 'ਟਰੰਪ ਟਾਵਰਸ' ਨੂੰ ਲਾਂਚ ਕਰਨਗੇ। ਪਹਿਲਾਂ ਗੁਰੂਗ੍ਰਾਮ 'ਚ ਇਸ ਪ੍ਰਾਜੈਕਟ 'ਤੇ ਕੰਮ ਹੋਵੇਗਾ, ਫਿਰ ਭਾਰਤ ਦੇ ਕਈ ਸ਼ਹਿਰਾਂ 'ਚ ਇਸ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਚੇਤੇ ਰਹੇ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਪੂਰੇ ਟਰੰਪ ਪਰਿਵਾਰ ਨੂੰ ਭਾਰਤ ਫੇਰੀ ਦਾ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਹੈਦਰਾਬਾਦ 'ਚ ਆਈ ਸੀ। ਇਵਾਂਕਾ ਨੇ ਵੀ ਉਸ ਸਮੇਂ ਟਵੀਟ ਕਰਕੇ ਮੋਦੀ ਦਾ ਇਸ ਲਈ ਸ਼ੁਕਰੀਆ ਕੀਤਾ ਸੀ। ਡੋਨਾਲਡ ਟਰੰਪ ਨੇ ਵੀ ਖੁਦ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਇਵਾਂਕਾ ਨੇ ਅਪਾਣੇ ਭਾਸ਼ਨ ਦੌਰਾਨ ਮਹਿਲਾ ਸਸ਼ਕਤੀਕਰਨ ਤੇ ਮਹਿਲਾ ਉੱਦਮੀਆਂ ਨੂੰ ਹਮਾਇਤ ਦੇਣ 'ਤੇ ਜ਼ੋਰ ਦਿੱਤਾ ਗਿਆ ਸੀ। ਉਸ ਮੌਕੇ ਸੰਮੇਲਨ ਵਿਚ ਦੁਨੀਆ ਭਰ ਦੇ ਕਰੀਬ 1500 ਉੱਦਮੀ, ਨਿਵੇਸ਼ਕ, ਸਰਕਾਰੀ ਅਧਿਕਾਰੀ ਤੇ ਵਪਾਰ ਪ੍ਰਤੀਨਿਧੀ ਸ਼ਾਮਲ ਹੋਏ ਸਨ।