ਨਿਊਯਾਰਕ: ਅਮਰੀਕਾ ਵਿੱਚ ਦੋ ਗੋਰਿਆਂ ਦੇ ਨਸਲੀ ਹਮਲੇ ਤੇ ਭੱਦੀਆਂ ਟਿੱਪਣੀਆਂ ਦਾ ਸ਼ਿਕਾਰ ਹੋਏ ਅੱਧਖੜ੍ਹ ਉਮਰ ਦੇ ਸਿੱਖ ਨੇ ਕਿਹਾ, ‘‘ਮੈਨੂੰ ਮੇਰੀ ਪੱਗ ਨੇ ਬਚਾਅ ਲਿਆ।’’ 50 ਸਾਲਾ ਸੁਰਜੀਤ ਸਿੰਘ ਮੱਲ੍ਹੀ ਕੈਲੇਫੋਰਨੀਆ ਵਿੱਚ ਸਿਆਸੀ ਲੀਡਰ ਦੇ ਪੋਸਟਰ ਚਿਪਕਾ ਰਹੇ ਸਨ ਕਿ ਉਨ੍ਹਾਂ 'ਤੇ ਦੋ ਗੋਰੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੀੜਤ ਮੁਤਾਬਕ ਹਮਲਾਵਰਾਂ ਦੋ ਕਾਲ਼ੀਆਂ ਸਵੈਟਸ਼ਰਟਸ ਪਹਿਨੀਆਂ ਹੋਈਆਂ ਸਨ।
ਮੱਲ੍ਹੀ ਨੇ ਦੱਸਿਆ ਕਿ ਉਹ ਆਪਣੇ ਘਰ ਨੇੜੇ ਦੁਬਾਰਾ ਚੋਣਾਂ ਲੜ ਰਹੇ ਰਿਪਬਲਿਕਨ ਉਮੀਦਵਾਰ ਜੈੱਫ ਡੈਨਹਮ ਲਈ ਪੋਸਟਰ ਚਿਪਕਾ ਰਿਹਾ ਸੀ। ਇਸੇ ਦੌਰਾਨ ਦੋ ਵਿਅਕਤੀ ਆਏ ਅਤੇ ਚੀਕਾਂ ਮਾਰਦੇ ਹੋਏ ਕਹਿਣ ਲੱਗੇ ਕਿ ਤੇਰੀ ਇੱਥੇ ਲੋੜ ਨਹੀਂ, ਆਪਣੇ ਦੇਸ਼ ਵਾਪਸ ਜਾ। ਇੰਨਾ ਕਹਿੰਦਿਆਂ ਉਨ੍ਹਾਂ ਮੱਲ੍ਹੀ ਦੀਆਂ ਅੱਖਾਂ ਵਿੱਚ ਰੇਤਾ ਪਾ ਦਿੱਤਾ, ਜਿਸ ਤੋਂ ਬਾਅਦ ਉਹ ਦੇਖ ਨਾ ਸਕੇ। ਇਸੇ ਕਾਰਨ ਉਹ ਪੁਲਿਸ ਨੂੰ ਵੀ ਹਮਲਾਵਰਾਂ ਦੀ ਸਹੀ ਪਛਾਣ ਨਹੀਂ ਕਰਵਾ ਸਕੇ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਤੇ ਪਿੱਠ 'ਤੇ ਕਿਸੇ ਬੈਲਟ ਜਾਂ ਸੋਟੀ ਨਾਲ ਕਈ ਵਾਰ ਕੀਤੇ। ਮੱਲ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਪੱਗ ਨੇ ਹੈਲਮਟ ਜਾਂ ਇਸ ਤੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਕੰਮ ਕੀਤਾ।
ਮੱਲ੍ਹੀ ਨੇ ਦੱਸਿਆ, ‘‘ਜਿਸ ਤਰ੍ਹਾਂ ਉਹ ਮੈਨੂੰ ਮਾਰ ਰਹੇ ਸਨ, ਮੈਨੂੰ ਲੱਗਿਆ ਮੈਂ ਮਰ ਜਾਵਾਂਗਾ। ਉਹ ਕਹਿ ਰਹੇ ਸਨ, ‘‘ਤੂੰ ਇੱਥੋਂ ਦਾ ਨਹੀਂ ਹੈਂ।’’ ਮੱਲ੍ਹੀ 1992 ਵਿੱਚ ਅਮਰੀਕਾ ਆਏ ਸਨ ਤੇ ਹੁਣ ਉੱਥੋਂ ਦੇ ਪੱਕੇ ਨਿਵਾਸੀ ਹਨ। ਉਹ ਪੱਗ ਬੰਨ੍ਹਦੇ ਹਨ, ਹੋ ਸਕਦਾ ਹੈ ਕਿ ਇਸੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਪਰ ਇਸੇ ਪੱਗ ਕਾਰਨ ਉਨ੍ਹਾਂ ਦੀ ਜਾਨ ਵੀ ਬਚ ਗਈ।