Turkiye Earthquake Update: ਤੁਰਕੀ ਵਿੱਚ ਸੋਮਵਾਰ (6 ਫਰਵਰੀ) ਨੂੰ ਆਏ ਭਿਆਨਕ ਭੂਚਾਲ ਨੇ ਭਾਰੀ ਤਬਾਹੀ ਮਚਾਈ। ਇੱਕ ਤੋਂ ਬਾਅਦ ਇੱਕ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਜਿਸ ਵਿੱਚ 1500 ਦੇ ਕਰੀਬ ਲੋਕ ਦੱਬ ਕੇ ਮਰ ਗਏ। ਹਜ਼ਾਰਾਂ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਤੁਰਕੀ 'ਚ ਭੂਚਾਲ ਅਤੇ ਉਸ ਤੋਂ ਬਾਅਦ ਦੇ ਹਾਲਾਤ ਨੂੰ ਦਰਸਾਉਂਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵੀਡੀਓ ਦੇਖ ਕੇ ਤੁਸੀਂ ਉੱਥੇ ਦੀ ਭਿਆਨਕ ਸਥਿਤੀ ਦਾ ਅੰਦਾਜ਼ਾ ਲਗਾ ਸਕਦੇ ਹੋ। ਜਾਣਕਾਰੀ ਮੁਤਾਬਕ ਤੁਰਕੀ 'ਚ ਭੂਚਾਲ ਦੇ ਝਟਕੇ ਅਜੇ ਵੀ ਮਹਿਸੂਸ ਕੀਤੇ ਜਾ ਰਹੇ ਹਨ।


ਹੁਣ ਤੱਕ 46 ਝਟਕੇ ਮਹਿਸੂਸ ਕੀਤੇ ਗਏ ਹਨ


ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ 46 ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ। ਤਾਜ਼ਾ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.2 ਮਾਪੀ ਗਈ। ਇਸਦਾ ਕੇਂਦਰ ਬਿੰਦੂ ਤੁਰਕੀ ਦੇ ਸੇਲੀਖਾਨ ਸ਼ਹਿਰ ਤੋਂ 15 ਕਿਲੋਮੀਟਰ ਦੂਰ ਹੈ। ਇਹ ਉੱਤਰ-ਪੱਛਮ ਵਾਲੇ ਪਾਸੇ ਸੀ। ਪਹਿਲੇ ਝਟਕੇ ਦਾ ਕੇਂਦਰ ਤੁਰਕੀ ਵਿੱਚ ਨੂਰਦਗੀ ਤੋਂ 26 ਕਿਲੋਮੀਟਰ ਪੂਰਬ ਵਿੱਚ ਸੀ। ਇਸ ਦੀ ਤੀਬਰਤਾ 7.8 ਮਾਪੀ ਗਈ। 7.8 ਤੀਬਰਤਾ ਦੇ ਇਸ ਵਿਨਾਸ਼ਕਾਰੀ ਭੂਚਾਲ ਵਿੱਚ 2300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 6000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਮਲਬੇ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ।


ਰਾਸ਼ਟਰਪਤੀ ਨੇ ਸਭ ਤੋਂ ਵੱਡੀ ਤਬਾਹੀ ਦੱਸੀ


ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ 7.8 ਤੀਬਰਤਾ ਵਾਲੇ ਭੂਚਾਲ ਨੂੰ 1939 ਤੋਂ ਬਾਅਦ ਦੇਸ਼ ਦੀ "ਸਭ ਤੋਂ ਵੱਡੀ ਤਬਾਹੀ" ਦੱਸਿਆ ਹੈ। ਉਨ੍ਹਾਂ ਕਿਹਾ ਕਿ 1000 ਤੋਂ ਵੱਧ ਲੋਕ ਮਾਰੇ ਗਏ ਹਨ ਜਦਕਿ 3000 ਤੋਂ ਵੱਧ ਜ਼ਖ਼ਮੀ ਹੋਏ ਹਨ। ਭੁਚਾਲ ਨਾਲ ਗਾਜ਼ੀਅਨਟੇਪ, ਸਾਨਲਿਉਰਫਾ, ਦਿਯਾਰਬਾਕਿਰ, ਅਡਾਨਾ, ਅਦਿਆਮਨ, ਮਾਲਤਿਆ, ਓਸਮਾਨੀਆ, ਹਤੇ ਅਤੇ ਕਿਲਿਸ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਏਰਦੋਗਨ ਨੇ ਕਿਹਾ, "ਮਲਬੇ ਵਿੱਚੋਂ ਕੱਢੇ ਗਏ ਲੋਕਾਂ ਦੀ ਗਿਣਤੀ 2,470 ਤੱਕ ਪਹੁੰਚ ਗਈ ਹੈ। ਢਹਿ-ਢੇਰੀ ਹੋਈਆਂ ਇਮਾਰਤਾਂ ਦੀ ਗਿਣਤੀ 2,818 ਹੈ।"


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।