ਚੇਚਨੀਆ ਦੇ ਨੇਤਾ ਕਾਦੀਰੋਵ ਤੇ ਪੰਜ ਰੂਸੀਆਂ 'ਤੇ ਅਮਰੀਕਾ ਵੱਲੋਂ ਪਾਬੰਦੀ
ਏਬੀਪੀ ਸਾਂਝਾ | 23 Dec 2017 08:48 AM (IST)
ਵਾਸ਼ਿੰਗਟਨ- ਚੇਚਨੀਆ ਦੇ ਰਾਸ਼ਟਰਪਤੀ ਰਮਜ਼ਾਨ ਕਾਦੀਰੋਵ ਸਮੇਤ ਛੇ ਜਣਿਆਂ ਉੱਤੇ ਅਮਰੀਕਾ ਦੇ ਵਿੱਤ ਮੰਤਰਾਲੇ ਨੇ ਰੋਕ ਲਾ ਕੇ ਉਨ੍ਹਾਂ ਦੀਆਂ ਸਰਗਰਮੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। ਕਾਦੀਰੋਵ ਉਤੇ ਵਿਰੋਧੀਆਂ ਨੂੰ ਗਾਇਬ ਕਰਵਾਉਣ ਤੇ ਉਨ੍ਹਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੱਤਿਆ ਕਰਵਾਉਣ ਦਾ ਦੋਸ਼ ਹੈ। ਵਰਨਣ ਯੋਗ ਹੈ ਕਿ ਕਾਦੀਰੋਵ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਖਾਸ ਨੇੜੂ ਸਮਝਿਆ ਜਾਂਦਾ ਹੈ। ਉਨ੍ਹਾਂ ਤੋਂ ਇਲਾਵਾ ਜਿਨ੍ਹਾਂ ਪੰਜ ਲੋਕਾਂ ‘ਤੇ ਰੋਕ ਲਗਾਈ ਗਈ ਹੈ, ਉਹ ਸਾਰੇ ਰੂਸ ਦੇ ਨਾਗਰਿਕ ਹਨ। ਇਸ ਦੇ ਜਵਾਬ ਵਿੱਚ ਕਾਦੀਰੋਵ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਐਵੇਂ ਬੇਚੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਅਮਰੀਕਾ ਕਦੇ ਨਹੀਂ ਜਾਣ ਵਾਲੇ, ਅਮਰੀਕਾ ਦੀ ਮਦਦ ਦੇ ਬਗੈਰ ਉਨ੍ਹਾਂ ਨੇ ਆਪਣਾ ਸਥਾਨ ਹਾਸਲ ਕੀਤਾ ਹੈ। ਪੂਰਾ ਜੀਵਨ ਅੱਤਵਾਦੀਆਂ ਨਾਲ ਲੜਦਿਆਂ ਤੇ ਉਨ੍ਹਾਂ ਨੂੰ ਖਤਮ ਕਰਦਿਆਂ ਲੰਘਾਇਆ ਹੈ। ਇਨ੍ਹਾਂ ‘ਚ ਅਮਰੀਕਾ ਦੀ ਹਮਾਇਤ ਹਾਸਲ ਅੱਤਵਾਦੀ ਵੀ ਸ਼ਾਮਲ ਹਨ। ਕਾਦੀਰੋਵ ਨੇ ਇਹ ਗੱਲ ਇੰਸਟਾਗ੍ਰਾਮ ਉੱਤੇ ਆਪਣੀ ਪੋਸਟ ‘ਚ ਲਿਖੀ ਹੈ। ਅਮਰੀਕੀ ਪਾਬੰਦੀ ਦੇ ਮੁਤਾਬਕ ਸੂਚੀਬੱਧ ਲੋਕਾਂ ਨੂੰ ਕਦੇ ਵੀ ਅਮਰੀਕਾ ‘ਚ ਯਾਤਰਾ ਦਾ ਵੀਜ਼ਾ ਨਹੀਂ ਮਿਲੇਗਾ। ਉਹ ਅਮਰੀਕਾ ਨਾਲ ਕਿਸੇ ਤਰ੍ਹਾਂ ਦਾ ਲੈਣ ਦੇਣ ਨਹੀਂ ਕਰ ਸਕਦੇ। ਸੂਚੀਬੱਧ ਲੋਕਾਂ ਦੀ ਜਾਇਦਾਦ ਅਮਰੀਕਾ ਜ਼ਬਤ ਕਰ ਸਕਦਾ ਹੈ।