ਅਬੂ ਧਾਬੀ: ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਲੱਗੀ ਪਾਬੰਦੀ ਨੂੰ 14 ਜੂਨ ਤੱਕ ਵਧਾ ਦਿੱਤਾ ਹੈ। ਦਰਅਸਲ, ਯੂਏਈ ’ਚ ਸਭ ਤੋਂ ਵੱਧ ਭਾਰਤੀ ਨਾਗਰਿਕ ਹਨ ਪਰ ਫ਼ਿਲਹਾਲ ਕੋਵਿਡ ਤੋਂ ਬਚਾਅ ਦੇ ਚੱਲਦਿਆਂ ਇਸ ਨੇ ਭਾਰਤੀਆਂ ਦੇ ਆਉਣ ਉੱਤੇ ਰੋਕ ਨੂੰ ਵਧਾ ਦਿੱਤਾ ਹੈ।
ਭਾਰਤ ’ਚ ਸਾਹਮਣੇ ਆਈ ਕੋਵਿਡ ਆਫ਼ਤ ਤੇ ਚੱਲਦਿਆਂ 25 ਅਪ੍ਰੈਲ ਤੋਂ ਪਾਬੰਦੀ ਲਾਈ ਗਈ ਸੀ। ਉੱਥੇ ਹੀ ਹੁਣ ਯੂਏਈ ਨੇ 14 ਜੂਨ, 2021 ਤੱਕ ਭਾਰਤ ਤੋਂ ਯਾਤਰੀ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ 14 ਦਿਨਾਂ ’ਚ ਭਾਰਤ ’ਚੋਂ ਲੰਘਣ ਵਾਲੇ ਯਾਤਰੀਆਂ ਨੂੰ ਕਿਸੇ ਹੋਰ ਜਗ੍ਹਾ ਤੋਂ ਯੂਏਈ ਦੀ ਯਾਤਰਾ ਕਰਨ ਲਈ ਇਜਾਜ਼ਤ ਨਹੀਂ ਮਿਲੇਗੀ।
ਦਿੱਲੀ ਦੇ ਟ੍ਰੈਵਲ ਏਜੰਟ ਨੇ ਦੱਸਿਆ ਕਿ 20 ਤੋਂ ਵੱਧ ਦੇਸ਼ਾਂ ਨੇ ਅਪ੍ਰੈਲ ਤੋਂ ਭਾਰਤ ਦੀ ਯਾਤਰਾ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਭਵਿੱਖ ’ਚ ਵੀ ਦਾਖ਼ਲੇ ਦੀ ਇਜਾਜ਼ਤ ਬਹੁਤ ਘੱਟ ਸ਼੍ਰੇਣੀਆਂ ਦੇ ਸੈਲਾਨੀਆਂ ਨੂੰ ਤਦ ਹੀ ਮਿਲ ਸਕੇਗੀ, ਜਦੋਂ ਕੋਵਿਡ ਮਹਾਮਾਰੀ ਉੱਤੇ ਕਾਬੂ ਪਾ ਲਿਆ ਜਾਵੇਗਾ।
ਲੋਕ ਵੱਖੋ-ਵੱਖਰੇ ਦੇਸ਼ਾਂ ਦੀਆਂ ਐਲਾਨੀਆਂ ਤਰੀਕਾਂ ਉੱਤੇ ਯਾਤਰਾ ਮੁੜ ਸ਼ੁਰੂ ਹੋਣ ਦੀ ਆਸ ਉੱਤੇ ਹਵਾਈ ਟਿਕਟਾਂ ਨਾ ਖ਼ਰੀਦਣ; ਨਹੀਂ ਉਨ੍ਹਾਂ ਦਾ ਪੈਸਾ ਏਅਰਲਾਈਨਜ਼ ਕੋਲ ਫਸ ਜਾਵੇਗਾ ਕਿਉਂਕਿ ਭਾਰਤ ਦੀ ਹਾਲਤ ਵਿੱਚ ਕਿੰਨਾ ਤੇ ਕਦੋਂ ਤੱਕ ਸੁਧਰ ਹੁੰਦਾ ਹੈ, ਇਹ ਆਖਣਾ ਫ਼ਿਲਹਾਲ ਔਖਾ ਹੈ।
ਯੂਏਈ ਨੇ ਪਿਛਲੇ ਕੁਝ ਦਿਨਾਂ ਤੋਂ ਭਾਰਤ ’ਚ ਤੇਜ਼ੀ ਨਾਲ ਫੈਲ ਰਹੇ ਡਬਲ ਮਿਊਟੈਂਟ ਨੂੰ ਲਗਾਤਾਰ ਸਖ਼ਤ ਨਿਯਮ ਲਾ ਕੇ ਆਪਣੇ ਕੋਲ ਪੁੱਜਣ ਤੋਂ ਰੋਕਿਆ ਹੈ। ਇਸ ਨੇ ਬਿਜ਼ਨੇਸ ਜੈੱਟ ਆਪਰੇਟਰਾਂ ਨੂੰ ਕੋਵਿਡ ਹੌਟ ਸਪੌਟ ਰਾਹੀਂ ਦੇਸ਼ ਵੱਲ ਜਾਣ ਵਾਲੇ ਚਾਰਟਰ ਉੱਤੇ ਵੀ ਰੋਕ ਲਾ ਦਿੱਤੀ ਹੈ। ਨਾਲ ਹੀ ਕੋਈ ਵੀ ਵਿਅਕਤੀ ਜੋ ਪਿਛਲੇ 14 ਦਿਨਾਂ ’ਚ ਭਾਰਤ ਰਿਹਾ ਹੋਵੇ, ਉਹ ਵੀ ਕਿਸੇ ਤੀਜੇ ਦੇਸ਼ ’ਚੋਂ ਹੁੰਦਾ ਹੋਇਆ ਵੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਨਹੀਂ ਕਰ ਸਕਦਾ।
ਮਈ ਮਹੀਨੇ ਦੇ ਸ਼ੁਰੂ ’ਚ ਯੂਏਈ ਜਨਰਲ ਸਿਵਲ ਏਵੀਏਸ਼ਨ ਅਥਾਰਟੀ ਨੇ ਫ਼ੈਸਲਾ ਸੁਣਾਇਆ ਸੀ ਕਿ ਅਗਲੇ ਹੁਕਮ ਤੱਕ ਵੱਧ ਤੋਂ ਵੱਧ ਅੱਠ ਯਾਤਰੀ ਬਿਜ਼ਨੇਸ ਜੈੱਟ ਹਵਾਈ ਜਹਾਜ਼ ਰਾਹੀਂ ਯੂਏਈ ’ਚ ਉਡਾਣ ਭਰ ਸਕਦੇ ਹਨ।