ਲੰਡਨ: ਇੰਗਲੈਂਡ ਸਰਕਾਰ ਇੱਕ ਬਿੱਲ ਲਿਆ ਰਹੀ ਸੀ, ਜਿਸ ਤਹਿਤ ਜਨਤਕ ਥਾਵਾਂ 'ਤੇ ਮਾਰੂ ਹਥਿਆਰਾਂ ਨਾਲ ਨਹੀਂ ਸੀ ਜਾਇਆ ਜਾ ਸਕਦਾ। ਮਾਰੂ ਹਥਿਆਰ ਬਿੱਲ 2018 ਦੀ ਮਾਰ ਹੇਠ ਕਿਰਪਾਨ ਤੇ ਤੇਜ਼ਾਬ ਵਰਗੀਆਂ ਚੀਜ਼ਾਂ ਵੀ ਸਨ, ਪਰ ਹੁਣ ਬਰਤਾਨੀਆ ਸਰਕਾਰ ਇਸ ਬਿੱਲ ਵਿੱਚ ਸੋਧ ਕਰਨ ਲਈ ਰਾਜ਼ੀ ਹੋ ਗਈ ਹੈ। ਫਿਲਹਾਲ ਇਸ ਬਿੱਲ 'ਤੇ ਬਹਿਸ ਹੋ ਰਹੀ ਹੈ ਤੇ ਪਾਸ ਹੋਣ 'ਤੇ ਇਹ ਯੂਕੇ ਦਾ ਕਾਨੂੰਨ ਬਣ ਜਾਵੇਗਾ।
ਸਾਰੀਆਂ ਪਾਰਟੀਆਂ ਨਾਲ ਸਬੰਧਤ ਸਿੱਖ ਸਿਆਸਤਦਾਨਾਂ ਦੇ ਸੰਗਠਨ (ਏਪੀਪੀਜੀ) ਨੇ ਸਰਕਾਰ ਕੋਲ ਇਸ ਬਿੱਲ 'ਤੇ ਇਤਰਾਜ਼ ਉਠਾਇਆ ਤੇ ਧਾਰਮਿਕ ਰੁਕਾਵਟਾਂ ਦਾ ਹੱਲ ਕਰਨ ਲਈ ਅਪੀਲ ਕੀਤੀ। ਸਰਕਾਰ ਵੀ ਇਸ 'ਤੇ ਸਹਿਮਤ ਹੋ ਗਈ ਹੈ ਤੇ ਹੁਣ ਸਿੱਖ ਕਿਰਪਾਨ ਧਾਰਨ ਤੋਂ ਲੈ ਕੇ ਆਨਲਾਈਨ ਖਰੀਦੋ ਫਰੋਖ਼ਤ ਵੀ ਕਰ ਸਕਣਗੇ।
ਅਸਲ ਸਮੱਸਿਆ ਉਦੋਂ ਪੈਦਾ ਹੋਣੀ ਸੀ ਜਦ ਧਾਰਮਿਕ ਸਮਾਗਮਾਂ ਦੌਰਾਨ ਸਿੱਖ 50 ਸੈਂਟੀਮੀਟਰ ਤੋਂ ਲੰਮੀ ਕਿਰਪਾਨ ਨਾਲ ਸ਼ਮੂਲੀਅਤ ਕਰਦੇ ਤੇ ਗਤਕਾ ਵੀ ਨਹੀਂ ਸੀ ਖੇਡ ਸਕਦੇ। ਨਵੇਂ ਬਿੱਲ ਤਹਿਤ ਅਜਿਹੀਆਂ ਮਾਰੂ ਚੀਜ਼ਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੇਚਣ ਦੀ ਮਨਾਹੀ ਵੀ ਸ਼ਾਮਲ ਹੈ, ਪਰ ਸਿੱਖਾਂ ਨੂੰ ਇਸ ਤੋਂ ਸਿਰਫ਼ ਧਾਰਮਿਕ ਰਸਮਾਂ ਦੀ ਪਾਲਨਾ ਕਰਨ ਸਮੇਂ ਛੋਟ ਮਿਲ ਜਾਵੇਗੀ।