ਨਿਊਯਾਰਕ: ਫੋਰਬਸ ਨੇ ਅਮਰੀਕੀ ਕੰਪਨੀਆਂ ਦੀਆਂ ਟੌਪ-50 ਮਹਿਲਾ ਅਧਿਕਾਰੀਆਂ ਦੀ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਚਾਰ ਭਾਰਤੀ ਮੂਲ ਦੀਆਂ ਮਹਿਲਾਵਾਂ ਸ਼ਾਮਲ ਹਨ। ਸਿਸਕੋ ਦੀ ਸਾਬਕਾ ਚੀਫ ਤਕਨਾਲੋਜੀ ਅਫ਼ਸਰ ਪਦਮਸ਼੍ਰੀ ਵਾਰੀਅਰ, ਊਬਰ ਦੀ ਸੀਨੀਅਰ ਨਿਰਦੇਸ਼ਕ ਕੋਮਲ ਮੰਗਤਾਨੀ, ਕਾਨਫਲੂਐਂਟ ਦੀ ਚੀਫ ਤਕਨਾਲੋਜੀ ਅਫ਼ਸਰ ਤੇ ਕੋ-ਫਾਊਂਡਰ ਨੇਹਾ ਨਰਖੇੜੇ ਤੇ ਆਈਡੈਂਟਿਟੀ ਮੈਨੈਜਮੈਂਟ ਕੰਪਨੀ ਡ੍ਰਾਬ੍ਰਿਜ ਦੀ ਕਾਮਾਕਸ਼ੀ ਸ਼ਿਵਰਾਮਕ੍ਰਿਸ਼ਣਨ ਨੇ ਇਸ ਲਿਸਟ ’ਚ ਆਪਣੀ ਥਾਂ ਕਾਇਮ ਕੀਤੀ ਹੈ।

ਇਨ੍ਹਾਂ ਚਾਰਾਂ ਮਹਿਲਾਵਾਂ ਵਿੱਚੋਂ ਪਦਮਸ਼੍ਰੀ ਨੇ ਸਿਸਕੋ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਹ ਆਂਧਰਾ ਪ੍ਰਦੇਸ਼ ਨਾਲ ਸਬੰਧ ਰੱਖਦੀ ਹੈ ਤੇ ਆਈਆਈਟੀ, ਦਿੱਲੀ ਤੋਂ ਪੜ੍ਹਾਈ ਕੀਤੀ ਹੈ। ਫਿਲਹਾਲ ਪਦਮਸ਼੍ਰੀ ਵਾਰੀਅਰ ਚੀਨ ਦੀ ਕਾਰ ਕੰਪਨੀ ਨਿਓ ਦੀ ਯੂਐਸ ਹੈਡ ਹੈ। ਉਹ 17 ਦਸੰਬਰ ਨੂੰ ਅਸਤੀਫਾ ਦਏਗੀ। ਇਸ ਤੋਂ ਪਹਿਲਾਂ ਇਹ ਸਿਸਕੋ ਸਿਸਟਮਜ਼ ਵਿੱਚ ਚੀਫ਼ ਤਕਨਾਲੋਜੀ ਅਫ਼ਸਰ ਸੀ। ਪਦਮਸ਼੍ਰੀ ਮਾਈਕ੍ਰੋਸਾਫ਼ਟ ਦੇ ਬੋਰਡ ਵਿੱਚ ਵੀ ਸ਼ਾਮਲ ਹੈ।

ਕੋਮਲ ਮੰਗਤਾਨੀ (43) ਊਬਰ ਦੀ ਸੀਨੀਅਰ ਨਿਰਦੇਸ਼ਕ ਹੋਣ ਦੇ ਨਾਲ-ਨਾਲ ਬਿਜ਼ਨੈਸ ਇੰਟੈਲੀਜੈਂਸ ਸੈਕਸ਼ਨ ਦੀ ਵੀ ਹੈੱਡ ਹੈ। ਇਸ ਤੋਂ ਇਲਾਵਾ ਉਹ ਊਬਰ ਦੇ ਮਹਿਲਾ NGO ਦੇ ਬੋਰਡ ਵਿੱਚ ਵੀ ਸ਼ਾਮਲ ਹੈ। ਉਸ ਨੇ ਗੁਜਰਾਤ ਤੋਂ ਪੜ੍ਹਾਈ ਕੀਤੀ ਸੀ।

ਨੇਹੀ ਨਰਖੇੜੇ (32) ਨੇ ਲਿੰਕਡਅਨ ਵਿੱਚ ਸਾਫਟਵੇਅਰ ਦੀ ਨੌਕਰੀ ਕਰਦਿਆਂ ਕਾਨਫਲੁਐਂਟ ਲਈ ਅਪਾਚੇ ਕਾਫਕਾ ਸਾਫਟਵੇਅਰ ਤਿਆਰ ’ਚ ਮਦਦ ਕੀਤੀ ਸੀ ਜਿਸ ਨੇ ਕਾਰੋਬਾਰ ਵਧਾਉਣ ਵਿੱਚ ਕੰਪਨੀ ਦੀ ਕਾਫੀ ਮਦਦ ਕੀਤੀ। ਉਸ ਨੇ ਪੁਣੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

ਕਾਮਾਕਸ਼ੀ (43) ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਿਤ ਕੰਪਨੀ ਡ੍ਰਾਬ੍ਰਿਜ ਦੀ ਸੀਈਓ ਤੇ ਸੰਸਥਾਪਕ ਹੈ। ਉਸ ਨੇ 2010 ’ਚ ਇਹ ਕੰਪਨੀ ਬਣਾਈ ਸੀ। ਇਹ ਕੰਪਨੀ ਇਹ ਟਰੈਕ ਕਰਦੀ ਹੈ ਕਿ ਲੋਕ ਕਿਹੜੀ ਡਿਵਾਇਸ ਵਰਤਦੇ ਹਨ। ਹੁਣ ਤਕ ਕੰਪਨੀ ਵਿੱਚ 6.87 ਕਰੋੜ ਡਾਲਰ ਦਾ ਬਾਹਰੀ ਨਿਵੇਸ਼ ਹੋ ਚੁੱਕਾ ਹੈ। ਉਸ ਨੇ ਮੁੰਬਈ ਤੋਂ ਪੜ੍ਹਾਈ ਕੀਤੀ ਸੀ।