ਲੰਡਨ: ਬ੍ਰਿਟੇਨ ਦੇ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ 1984 ਦੇ ਕਤਲੇਆਮ ਦਾ ਪੂਰੇ ਸਿੱਖ ਭਾਈਚਾਰੇ 'ਤੇ ਡੂੰਘਾ ਸਦਮਾ ਪਹੁੰਚਿਆ ਸੀ। ਵਿਭਾਗ ਨੇ ਇਹ ਵੀ ਦੱਸਿਆ ਕਿ ਇਹ ਹੋਰ ਦੇਸ਼ਾਂ ਨੂੰ ਆਪਣੇ ਕਾਨੂੰਨ ਕੌਮਾਂਤਰੀ ਮਨੁੱਖੀ ਅਧਿਕਾਰ ਦੇ ਨੇਮਾਂ ਤਹਿਤ ਮਜ਼ਬੂਤ ਕਰਨ ਲਈ ਉਤਸ਼ਾਹਤ ਕਰੇਗਾ। ਵਿਦੇਸ਼ ਮੰਤਰਾਲਾ ਦੀ ਇਹ ਪ੍ਰਤੀਕਿਰਿਆ ਸਿੱਖ ਫਾਰ ਜਸਟਿਸ ਨੂੰ ਭੇਜੇ ਪੱਤਰ ਵਿੱਚ ਸਾਹਮਣੇ ਆਈ ਹੈ।

ਸਿੱਖਸ ਫਾਰ ਜਸਟਿਸ ਨੇ ਬੀਤੀ 12 ਅਗਸਤ ਨੂੰ ਲੰਡਨ ਦੇ ਟ੍ਰਾਫਲਾਗਰ ਸਕੁਏਅਰ ਵਿੱਚ ਖ਼ਾਲਿਸਤਾਨ ਪੱਖੀ ਰੈਲੀ ਕੀਤੀ ਸੀ। ਇਸੇ ਇਕੱਠ ਲਈ ਉਨ੍ਹਾਂ ਬਰਤਾਨਵੀ ਸਰਕਾਰ ਨਾਲ ਆਪਣਾ ਲਿਖਤੀ ਰਾਬਤਾ ਵੀ ਕਾਇਮ ਕੀਤਾ ਸੀ। ਹੁਣ ਬਰਤਾਨੀਆ ਦਾ ਇਹ ਪੱਤਰ ਐਸਐਫਜੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਸਾਹਮਣਾ ਕਰਨ ਵਾਲੇ ਸਿੱਖ ਭਾਈਚਾਰੇ ਦੇ ਮੁੱਦਿਆਂ ਨੂੰ ਵਿਚਾਰਨ ਲਈ ਅਜਿਹੀਆਂ ਹੋਰ ਮੀਟਿੰਗਾਂ ਕਰਵਾਉਣ ਸਬੰਧੀ ਸੂਚਨਾ ਸਰਕਾਰ ਨੂੰ ਦੇਣ ਦੇ ਜਵਾਬ ਵਿੱਚ ਆਇਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਬ੍ਰਿਟੇਨ ਨੂੰ ਇਹ ਰੈਲੀ ਨਾ ਹੋਣ ਦੇਣ ਲਈ ਦਬਾਅ ਪਾਇਆ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਹਾਲਾਂਕਿ, ਬਰਤਾਨੀਆ ਨੇ ਰੈਲੀ ਵਾਲੀ ਥਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਸਰਕਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਹ ਅਜਿਹੀ ਮਿਲਣੀ ਦਾ ਵਾਅਦਾ ਤਾਂ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਕਹਿ ਸਕਦੇ ਹਨ ਕਿ 1984 ਦੇ ਸਮੁੱਚੇ ਘਟਨਾਕ੍ਰਮ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਅਸੀਂ ਸਾਰੇ ਦੇਸ਼ਾਂ ਨੂੰ ਕੌਮਾਂਤਰੀ ਕਾਨੂੰਨਾਂ ਦੇ ਹਿਸਾਬ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਅਪੀਲ ਵੀ ਕਰਦੇ ਹਾਂ।

ਇਸ ਬਾਰੇ ਐਸਐਫਜੇ ਦੇ ਕਰਤਾ-ਧਰਤਾ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਦਾ ਪੱਤਰ ਕਾਫੀ ਸਕਾਰਾਤਮਕ ਸੀ ਤੇ ਹੌਸਲਾ ਅਫ਼ਜ਼ਾਈ ਵਾਲਾ ਵੀ ਸੀ। ਉਸ ਨੇ ਕਿਹਾ ਕਿ ਫੈਡਰੇਸ਼ਨ ਅੱਗੇ ਵੀ ਪੰਜਾਬ ਦੀ ਖ਼ੁਦਮੁਖ਼ਤਿਆਰੀ ਤੇ ਰੈਫ਼ਰੰਡਮ 2020 ਸਬੰਧੀ ਸਰਕਾਰਾਂ ਨੂੰ ਆਪਣੇ ਨਾਲ ਜੋੜਨ ਵੀ ਕੋਸ਼ਿਸ਼ ਕਰਦੀ ਰਹੇਗੀ।