ਲੰਡਨ: ਬਰਮਿੰਘਮ ਵਿੱਚ ਸੈਂਕੜੇ ਬ੍ਰਿਟਿਸ਼ ਸਿੱਖਾਂ ਨੇ ਐਂਟੀ ਟੈਰਰ ਪੁਲਿਸ ਰੇਡਜ਼ ਦੇ ਵਿਰੋਧ ਵਿੱਚ ਐਤਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਵਿੱਚ ਪ੍ਰਦਰਸ਼ਨ ਕੀਤਾ। ਬਰਤਾਨਵੀ ਸਿੱਖ ਤੰਗ ਹਨ ਕਿ ਭਾਰਤ ਵਿੱਚ ਵੱਖਰੇ ਸਿੱਖ ਰਾਜ ਦੀ ਮੰਗ ਕਰ ਰਹੇ ਕੁਝ ਗਰਮਖਿਆਲੀਆਂ ਕਰਕੇ ਇੱਥੋਂ ਦੀ ਪੁਲਿਸ ਉਨ੍ਹਾਂ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਆਜ਼ਾਦੀ ਦੀ ਹਮਾਇਤ ਕਰਨ ਵਾਲੇ ਸਿੱਖ ਫੈਡਰੇਸ਼ਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਅਜਿਹਾ ਭਾਰਤ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਕੀਤਾ ਜਾ ਰਿਹਾ ਹੈ।


ਛਾਪੇਮਾਰੀ ਦਾ ਸਾਹਮਣਾ ਕਰਨ ਵਾਲੀ ਇੱਕ ਮਾਂ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਬੱਚਿਆਂ ਦੀਆਂ ਨਿੱਕੀਆਂ ਗੁੱਲਕਾਂ ਤੋੜ ਕੇ ਤੇ ਸਕੂਲ ਲਿਜਾਣ ਵਾਲੇ ਟਿਫ਼ਿਨਾਂ ਤਕ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਵੈਸਟ ਮਿਡਲੈਂਡਜ਼ ਕਾਊਂਟਰ ਟੈਰੇਰਿਜ਼ਮ ਯੂਨਿਟ ਨੇ ਸਫ਼ਾਈ ਦਿੱਤੀ ਸੀ ਕਿ ਉਹ ਕਾਲ਼ੇ ਧਨ ਤੇ ਗਰਮਖਿਆਲੀਆਂ ਦੀਆਂ ਸਰਗਰਮੀਆਂ ਦੀ ਜਾਂਚ ਲਈ ਛਾਪੇਮਾਰੀ ਕਰ ਰਹੀ ਸੀ। ਬਾਅਦ ਵਿੱਚ ਏਜੰਸੀ ਨੇ ਸਫ਼ਾਈ ਦਿੱਤੀ ਕਿ ਬਰਮਿੰਘਮ, ਕੋਵੈਂਟਰੀ, ਲੰਡਨ ਤੇ ਲੈਸਟਰ ਵਿੱਚ ਪਿਛਲੇ ਹਫ਼ਤੇ ਮਾਰੇ ਗਏ ਛਾਪਿਆਂ ਪਿੱਛੇ ਕੋਈ ਬਾਹਰੀ ਤਾਕਤ ਦਾ ਹੱਥ ਨਹੀਂ, ਸਗੋਂ ਇਹ ਇੰਗਲੈਂਡ ਦੀ ਖ਼ੁਫੀਆ ਜਾਣਕਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।



ਪ੍ਰਦਰਸ਼ਨਕਾਰੀ ਸਿੱਖਾਂ ਦੀ ਰੈਲੀ ਵਿੱਚ ਪੰਜਾਬ ਵਿੱਚ ਹਿੰਦੂ ਲੀਡਰਾਂ ਦੇ ਕਤਲ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਯੂਕੇ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਹਲ ਦਾ ਭਰਾ ਗੁਰਪ੍ਰੀਤ ਵੀ ਪਹੁੰਚਿਆ ਹੋਇਆ। ਡੰਬਰਟਨ ਦੇ 33 ਸਾਲਾ ਵਕੀਲ ਗੁਰਪ੍ਰੀਤ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਭਰਾ ਉੱਪਰ ਪਿਛਲੇ ਸਾਲ ਤੋਂ ਬਿਨਾ ਕਿਸੇ ਟ੍ਰਾਇਲ ਤੋਂ ਪੰਜਾਬ ਪੁਲਿਸ ਨੂੰ ਬਹੁਤ ਤਸ਼ੱਦਦ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਗੋਰਾ ਨਹੀਂ, ਇਸ ਲਈ ਬ੍ਰਿਟਿਸ਼ ਸਰਕਾਰ ਉਸ ਦੇ ਨਾਲ ਖੜ੍ਹਨ ਵਿੱਚ ਹਿਚਕਿਚਾ ਰਹੀ ਹੈ।

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਰਕਾਰ ਦੇ 70 ਅਫ਼ਸਰਾਂ ਨੇ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਛਾਪਿਆਂ ਨੂੰ ਅੰਜਾਮ ਦਿੱਤਾ। ਛਾਪੇ ਦੌਰਾਨ ਘਰ ਵਿੱਚ ਪਈ ਨਕਦੀ ਤੋਂ ਲੈਕੇ ਬਿਜਲਈ ਉਪਕਰਣ ਜ਼ਬਤ ਕਰ ਲਿਆ ਗਿਆ ਹੈ। ਹਾਲਾਂਕਿ, ਇਨ੍ਹਾਂ ਛਾਪਿਆਂ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ, ਪਰ ਸਿੱਖ ਵਿੱਚ ਇਸ ਕਾਰਵਾਈ ਪ੍ਰਤੀ ਕਾਫੀ ਰੋਸ ਹੈ। ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਕੀਤੀ ਇਸ ਛਾਪੇਮਾਰੀ ਸਿਆਸਤ ਤੋਂ ਪ੍ਰੇਰਿਤ ਹੋਣ ਦੀ ਗੱਲ ਉੱਠੀ ਹੈ, ਜੇਕਰ ਇਹ ਹੈ ਤਾਂ ਇਹ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।