Ukraine emergency declared in fears of Russian attack intensify


Russia Ukraine Conflict: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਦੇਸ਼ ਤੋਂ ਬਾਹਰ ਫੌਜੀ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਯੂਕਰੇਨ ਨੇ ਬੁੱਧਵਾਰ ਨੂੰ ਦੇਸ਼ ਵਿਆਪੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ ਕਈ ਪਾਬੰਦੀਆਂ ਦਾ ਵੀ ਐਲਾਨ ਕਰ ਦਿੱਤਾ ਅਤੇ ਮਾਸਕੋ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸ ਕੈਂਪਸ ਨੂੰ ਖਾਲੀ ਕਰ ਦਿੱਤਾ ਅਤੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਬਾਹਰ ਕੱਢਿਆ। ਯੂਕਰੇਨ ਦੇ ਸਾਂਸਦਾਂ ਨੇ ਦੇਸ਼ ਵਿਆਪੀ ਐਮਰਜੈਂਸੀ ਲਾਗੂ ਕਰਨ ਦੇ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਨਸਕੀ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ, ਜੋ ਵੀਰਵਾਰ ਤੋਂ ਸ਼ੁਰੂ ਹੋ ਕੇ 30 ਦਿਨਾਂ ਲਈ ਲਾਗੂ ਰਹੇਗੀ।


ਯੂਕਰੇਨ ਨੇੜੇ ਰੂਸੀ ਫੌਜਾਂ ਹਮਲੇ ਲਈ ਪੂਰੀ ਤਰ੍ਹਾਂ ਤਿਆਰ: ਯੂਐਸ


ਅਮਰੀਕਾ 'ਚ ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੀਆਂ ਸਰਹੱਦਾਂ ਨੇੜੇ ਤਾਇਨਾਤ ਰੂਸੀ ਬਲ ਜੇਕਰ ਹੁਕਮ ਦਿੱਤਾ ਗਿਆ ਤਾਂ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਅਧਿਕਾਰੀ ਨੇ ਕਿਹਾ ਕਿ 80 ਫੀਸਦੀ ਫੋਰਸ 'ਇੱਕ ਦਮ ਤਿਆਰ' ਹੈ ਅਤੇ ਸਰਹੱਦ ਤੋਂ ਪੰਜ ਤੋਂ 50 ਕਿਲੋਮੀਟਰ ਦੇ ਘੇਰੇ 'ਚ ਤਾਇਨਾਤ ਹੈ। ਉਨ੍ਹਾਂ ਕਿਹਾ, "ਅਸੀਂ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕੀ ਰੂਸੀ ਬਲ ਡੋਨਬਾਸ (ਯੂਕਰੇਨ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਵਿੱਚ) 'ਚ ਦਾਖਲ ਹੋਏ ਹਨ ਜਾਂ ਨਹੀਂ।"


ਯੂਕਰੇਨ ਰੂਸ ਪੱਖੀ ਖੇਤਰਾਂ 'ਤੇ ਹਮਲਾ ਕਰ ਰਿਹਾ ਹੈ: ਰੂਸ


ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਯੂਕਰੇਨ ਦੇ ਪੂਰਬੀ ਵੱਖਵਾਦੀ ਖੇਤਰਾਂ ਵਿੱਚ ਯੂਕਰੇਨ ਦੀ ਲਗਾਤਾਰ ਹਿੰਸਾ ਅਤੇ "ਘੋਰ ਨਸਲਕੁਸ਼ੀ" ਨੂੰ ਰੋਕਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ 'ਚ ਰੂਸ ਦੇ ਰਾਜਦੂਤ ਵਾਸਿਲੀ ਨੇਬੇਂਜ਼ੀਆ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਦੇ ਪੂਰਬੀ ਖੇਤਰਾਂ 'ਚ ਸ਼ਾਂਤੀ ਭੰਗ ਕਰਨ ਵਾਲਿਆਂ ਪ੍ਰਤੀ ਨਰਮੀ ਦਿਖਾਉਣ ਦਾ ਕੋਈ ਇਰਾਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੁਹਾਨਸਕ ਅਤੇ ਡੋਨੇਟਸਕ ਤੋਂ ਹਜ਼ਾਰਾਂ ਲੋਕਾਂ ਦਾ ਰੂਸ ਆਉਣਾ ਦਰਸਾਉਂਦਾ ਹੈ ਕਿ ਯੂਕਰੇਨ ਉਨ੍ਹਾਂ ਨਾਲ ਬੇਇੱਜ਼ਤੀ ਵਾਲਾ ਸਲੂਕ ਕਰਦਾ ਹੈ।


ਸੰਕਟ ਹੋਰ ਗੰਭੀਰ ਹੋਣ 'ਤੇ ਰੂਸ ਨੇ ਯੂਕਰੇਨ ਵਿੱਚ ਆਪਣਾ ਦੂਤਾਵਾਸ ਖਾਲੀ ਕੀਤਾ


ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਤਾਸ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਨੇ ਯੂਕਰੇਨ ਵਿੱਚ ਆਪਣਾ ਦੂਤਾਵਾਸ ਖਾਲੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਯੂਕਰੇਨ ਨੇ ਵੀ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਮਾਸਕੋ ਦਾ ਕੀਵ ਵਿੱਚ ਇੱਕ ਦੂਤਾਵਾਸ ਅਤੇ ਖਾਰਕਿਵ, ਓਡੇਸਾ ਅਤੇ ਲਵੀਵ ਵਿੱਚ ਕੌਂਸਲੇਟ ਹਨ। ਤਾਸ ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਰੂਸ ਨੇ ਯੂਕਰੇਨ ਵਿੱਚ ਆਪਣੇ ਕੂਟਨੀਤਕ ਸਥਾਪਨਾਵਾਂ ਨੂੰ ਖਾਲੀ ਕਰ ਲਿਆ ਹੈ।



ਇਹ ਵੀ ਪੜ੍ਹੋ: ਬਾਰਾਮੂਲਾ ਅਤੇ ਸ਼ੋਪੀਆਂ 'ਚ ਲਸ਼ਕਰ ਦੇ 4 ਸਹਿਯੋਗੀ ਗ੍ਰਿਫ਼ਤਾਰ, AK47 ਰਾਈਫਲ ਸਮੇਤ ਗੋਲਾ ਬਾਰੂਦ ਬਰਾਮਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904