ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸੰਸਦ ਦੇ ਨੁਮਾਇੰਦੇ ਸਈਅਦ ਅਕਬਰੂਦੀਨ ਦੇ ਟਵਿੱਟਰ ਅਕਾਊਂਟ ਤੋਂ ਪਾਕਿਸਤਾਨ ਦੇ ਝੰਡੇ ਨਾਲ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਫੋਟੋ ਪੋਸਟ ਕਰਨ 'ਤੇ ਵਿਵਾਦ ਖੜ੍ਹਾ ਹੋ ਗਿਆ। ਫੋਟੋ ਪੋਸਟ ਹੋਣ ਦੇ ਕੁਝ ਹੀ ਦੇਰ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਹੈਕ ਹੋਣ ਤੋਂ ਬਾਅਦ ਪਾਕਿਸਤਾਨੀ ਝੰਡੇ ਨਾਲ ਰਾਸ਼ਟਰਪਤੀ ਦੀ ਤਸਵੀਰ ਪੋਸਟ ਕੀਤੀ ਗਈ, ਪਰ ਜਦੋਂ ਅਕਾਊਂਟ ਨੂੰ ਰਿਕਵਰ ਕਰ ਲਿਆ ਤਾਂ ਉਹ ਤਸਵੀਰ ਗਾਇਬ ਸੀ। ਇਸ ਦੇ ਨਾਲ ਹੀ ਟਵਿੱਟਰ ਅਕਾਊਂਟ ਨੂੰ ਵੈਰੀਫ਼ਾਈਡ ਦਿਖਾਉਣ ਵਾਲੀ ਨੀਲੀ ਟਿਕ ਵੀ ਗਾਇਬ ਸੀ। ਪਾਕਿਸਤਾਨੀ ਵਿੱਚ ਅੱਤਵਾਦੀ ਸੰਗਠਨਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਭਾਰਤੀ ਅਫਸਰਾਂ ਤੇ ਬਹੁਤ ਸਾਰੇ ਮਹਿਕਮਿਆਂ ਦੇ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਾਲ 2016 ਵਿੱਚ ਭਾਰਤ ਦੀਆਂ 199 ਸਰਕਾਰੀ ਵੈਬਸਾਈਟਾਂ ਨੂੰ ਹੈਕ ਕੀਤਾ ਗਿਆ ਸੀ। ਇਸ ਦੀ ਜਾਣਕਾਰੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਮੁੱਦਾ ਸੰਸਦ ਵਿੱਚ ਪਹੁੰਚਿਆ। ਸਾਲ 2003 ਤੋਂ 2016 ਭਾਰਤ ਸਰਕਾਰ ਦੀਆਂ 300 ਤੋਂ ਵੱਧ ਵੈੱਬਸਾਈਟਾਂ ਹੈਕ ਹੋ ਚੁੱਕੀਆਂ ਹਨ। ਦੋ ਦਿਨ ਪਹਿਲਾਂ ਹੀ ਭਾਰਤੀ ਫੌਜ ਦੇ ਮੁਖੀ ਨੇ ਸਾਈਬਰ ਅਟੈਕ ਨੂੰ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਸੀ।