ਹਿਊਸਟਨ: ਅਮਰੀਕਾ 'ਚ ਸ਼ਰਨ ਲਈ ਭੁੱਖ ਹੜਤਾਲ 'ਤੇ ਡਟੇ ਭਾਰਤੀਆਂ ਨੂੰ ਜ਼ਬਰੀ ਡ੍ਰਿਪਸ ਚੜ੍ਹਾਈਆਂ ਗਈਆਂ ਹਨ। ਉਹ ਪਿਛਲੇ ਦੋ ਹਫਤਿਆਂ ਤੋਂ ਭੁੱਖ ਹੜਤਾਲ 'ਤੇ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਇਹ ਕਦਮ ਉਠਾਇਆ। ਇਹ ਭਾਰਤੀ ਸ਼ਰਨ ਲੈਣ ਦੀ ਤਲਾਸ਼ ਵਿੱਚ ਅਮਰੀਕਾ ਪੁੱਜੇ ਸੀ। ਇਸ ਵੇਲੇ ਇਹ ਟੈਕਸਸ ਦੇ ਐਲ ਪਾਸੋ ਵਿੱਚ ਬਣੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਕੇਂਦਰ ਵਿੱਚ ਬੰਦ ਹਨ।


ਇਸ ਬਾਰੇ ਵਕੀਲ ਨੇ ਦੱਸਿਆ ਕਿ ਇਹ ਤਿੰਨੇ ਭਾਰਤੀ 9 ਜੁਲਾਈ ਤੋਂ ਆਈਸੀਈ ਹਿਰਾਸਤ ਕੇਂਦਰ ਵਿੱਚ ਹੜਤਾਲ ’ਤੇ ਬੈਠ ਗਏ ਸਨ। ਇਨ੍ਹਾਂ ਦੀ ਮੰਗ ਹੈ ਕਿ ਜਦ ਤੱਕ ਉਨ੍ਹਾਂ ਦੀ ਅਰਜ਼ੀ ’ਤੇ ਵਿਚਾਰ ਚੱਲ ਰਿਹਾ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਵਕੀਲ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਇਨ੍ਹਾਂ ਅਮਰੀਕਾ ਵਿੱਚ ਸ਼ਰਨ ਮੰਗੀ ਸੀ ਤੇ ਇਹ ਅਰਜ਼ੀ ਠੁਕਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਅਰਜ਼ੀ ’ਤੇ ਮੁੜ ਵਿਚਾਰ ਦੀ ਮੰਗ ਕੀਤੀ ਸੀ।

ਮੀਡੀਆ ਰਿਪੋਰਟ ਮੁਤਾਬਕ ਇਹ ਕਈ ਮਹੀਨਿਆਂ ਤੋਂ ਇੱਥੇ ਬੰਦੀ ਹਨ ਜਦਕਿ ਇੱਕ ਨੂੰ ਤਾਂ ਸਾਲ ਹੋ ਚੱਲਿਆ ਹੈ। ਨਿਆਂ ਮੰਤਰਾਲੇ ਨੇ ਪਿਛਲੇ ਹਫ਼ਤੇ ਸੰਘੀ ਅਦਾਲਤ ਅੱਗੇ ਅਰਜ਼ੀ ਦਾਇਰ ਕਰਕੇ ਤਿੰਨਾਂ ਦੀ ਸਹਿਮਤੀ ਬਗੈਰ ਖਾਣਾ ਖਿਲਾਉਣ ਜਾਂ ਪਾਣੀ ਚੜ੍ਹਾਉਣ ਦੀ ਮੰਗ ਕੀਤੀ ਸੀ। ਵਕੀਲਾਂ ਤੇ ਮਨੁੱਖੀ ਹੱਕ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਫ਼ਿਕਰਮੰਦ ਹਨ ਕਿ ਅਗਲੇ ਕਦਮ ਤਹਿਤ ਇਨ੍ਹਾਂ ਨੂੰ ਜ਼ਬਰੀ ਖਾਣਾ ਖਿਲਾਇਆ ਜਾਵੇਗਾ।