ਵਾਸ਼ਿੰਗਟਨ: ਤਕਰੀਬਨ 190 ਪੁਲਿਸ ਮੁਕਾਬਲਿਆਂ ਵਿੱਚ 400 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਾਕਿਸਤਾਨੀ ਅਫਸਰ 'ਤੇ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਇਹ ਸੇਵਾਮੁਕਤ ਪੁਲਿਸ ਅਧਿਕਾਰੀ ਰਾਓ ਅਨਵਰ ਅਹਿਮਦ ਖ਼ਾਨ ‘ਐਨਕਾਊਂਟਰ ਮਾਹਿਰ’ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਨੇ ਇਸ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਕਾਲੀ ਸੂਚੀ ’ਚ ਰੱਖਿਆ ਹੈ। ਖ਼ਾਨ ’ਤੇ ਸਿੰਧ ਸੂਬੇ ’ਚ ਫਰਜ਼ੀ ਮੁਕਾਬਲੇ ਕਰਨ ਦਾ ਦੋਸ਼ ਲੱਗਾ ਹੈ। ਉਹ ਕਰਾਚੀ ਦੇ ਮਲੀਰ ਜ਼ਿਲ੍ਹੇ ’ਚ ਐਸਐਸਪੀ ਵਜੋਂ ਨਿਯੁਕਤ ਰਿਹਾ ਸੀ।

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਅਮਰੀਕਾ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਅਨਵਰ ਨੂੰ ਨਾਮਜ਼ਦ ਕਰਦਿਆਂ ਕਿਹਾ ਕਿ ਉਸ ਨੇ ਫ਼ਰਜ਼ੀ ਮੁਕਾਬਲਿਆਂ ਦੌਰਾਨ ਕਈ ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ। ਸਾਬਕਾ ਪੁਲਿਸ ਅਧਿਕਾਰੀ ਫਿਰੌਤੀ, ਜ਼ਮੀਨ ਹਥਿਆਉਣ, ਨਾਰਕੋਟਿਕਸ ਤੇ ਹੱਤਿਆਵਾਂ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਦੇ ਸਕੱਤਰ ਸਟੀਵਨ ਟੀ ਮਨੂਚਿਨ ਮੁਤਾਬਕ ਅਨਵਰ ਨੇ ਮਲੀਰ ਜ਼ਿਲ੍ਹੇ ’ਚ 190 ਪੁਲਿਸ ਮੁਕਾਬਲੇ ਕੀਤੇ ਜਿਸ ਨਾਲ 400 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਇਨ੍ਹਾਂ ’ਚੋਂ ਜ਼ਿਆਦਾਤਰ ਫਰਜ਼ੀ ਮੁਕਾਬਲੇ ਸਨ। ਰਾਓ 37 ਸਾਲਾਂ ਦੀ ਸੇਵਾ ਮੁਕੰਮਲ ਕਰਨ ਮਗਰੋਂ 2018 ’ਚ ਸੇਵਾਮੁਕਤ ਹੋਇਆ ਸੀ। ਉਸ ਤੋਂ ਇਲਾਵਾ ਅਮਰੀਕਾ ਨੇ ਮਿਆਂਮਾਰ, ਲਿਬੀਆ, ਸਲੋਵਾਕੀਆ, ਕਾਂਗੋ ਤੇ ਦੱਖਣੀ ਸੂਡਾਨ ’ਚ ਮਨੁੱਖੀ ਹੱਕਾਂ ਦੇ ਘਾਣ ਲਈ 17 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਛੇ ਕੰਪਨੀਆਂ ਨੂੰ ਵੀ ਕਾਲੀ ਸੂਚੀ ’ਚ ਰੱਖਿਆ ਗਿਆ ਹੈ।