ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਭੜਕਾਊ ਮਿਸਾਈਲ ਤੇ ਪਰਮਾਣੂ ਅਜ਼ਮਾਇਸ਼ਾਂ ਦਾ ਜਵਾਬ ਦੇਣ ਦੇ ਮੱਦੇਨਜ਼ਰ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਵੱਖ-ਵੱਖ ਵਿਕਲਪਾਂ ਬਾਰੇ ਚਰਚਾ ਕੀਤੀ। ਇਸ ਵਿੱਚ ਪਿਓਂਗਯਾਂਗ ਨੂੰ ਆਪਣੀ ਸ਼ਕਤੀ ਦਿਖਾਉਣ ਲਈ ਦੋ ਭਾਰੀ ਅਮਰੀਕੀ ਬੰਬਾਰ ਜਹਾਜ਼ਾਂ ਨੇ ਕੋਰਿਆਈ ਮਹਾਂਦੀਪ ਉੱਤੋਂ ਉਡਾਣ ਭਰੀ।

ਉੱਤਰੀ ਕੋਰੀਆ ਫਰਵਰੀ ਤੋਂ ਹੁਣ ਤੱਕ 15 ਅਜ਼ਮਾਇਸ਼ਾਂ ਵਿੱਚ 22 ਮਿਸਾਈਲਾਂ ਦਾਗ ਚੁੱਕਾ ਹੈ, ਜਿਸ ਦੀ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਕਰੜੀ ਨਿੰਦਾ ਕੀਤੀ ਸੀ। ਪਿਓਂਗਯਾਂਗ ਨੇ ਹਾਲ ਹੀ ਵਿੱਚ ਅੰਤਰ ਮਹਾਂਦੀਪ ਬੌਲਿਸਟਿਕ ਮਿਸਾਈਲਾਂ ਨੂੰ ਲਾਂਚ ਕੀਤਾ ਸੀ ਜੋ ਜਾਪਾਨ ਤੋਂ ਹੋ ਕੇ ਗੁਜ਼ਰੀਆਂ ਸਨ। ਇਸ ਤੋਂ ਬਾਅਦ ਖੇਤਰ ਵਿੱਚ ਤਣਾਅ ਵੀ ਵਧ ਗਿਆ ਹੈ। ਵਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਰੱਖਿਆ ਮੰਤਰੀ ਜੇਮਸ ਮੈਟਿਸ ਤੇ ਜਨਰਲ ਜੋਸੇਫ ਡਨਫੋਰਡ, ਯੂਐਸ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਸਾਹਿਤ ਆਪਣੇ ਸਲਾਹਕਾਰਾਂ ਦੇ ਨਾਲ ਮੁਲਾਕਾਤ ਕੀਤੀ।

ਵਾਈਟ ਹਾਊਸ ਨੇ ਕਿਹਾ ਕਿ ਬੈਠਕ ਉੱਤਰ ਕੋਰੀਆ ਵੱਲੋਂ ਕਿਸੇ ਵੀ ਤਰ੍ਹਾਂ ਦੀ ਰੋਹ ਭਰੀ ਕਾਰਵਾਈ ਦਾ ਜਵਾਬ ਦੇਣ ਲਈ ਵੱਖ-ਵੱਖ ਵਿਕਲਪਾਂ 'ਤੇ ਕੇਂਦਰਤ ਰਹੀ ਤਾਂ ਕਿ ਜ਼ਰੂਰਤ ਪੈਣ ਤੇ ਵਾਸ਼ਿੰਗਟਨ ਤੇ ਉਸ ਦੇ ਸਹਿਯੋਗੀਆਂ ਨੂੰ ਪਰਮਾਣੂ ਹਥਿਆਰਾਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ। ਬੈਠਕ ਦੌਰਾਨ ਮੈਟਿਸ ਤੇ ਡਨਫੋਰਡ ਨੇ ਟਰੰਪ ਤੇ ਉਨ੍ਹਾਂ ਦੀ ਰਾਸ਼ਟਰੀ ਸਲਾਹਕਾਰ ਟੀਮ ਨੂੰ ਉੱਤਰੀ ਕੋਰੀਆ ਬਾਰੇ ਜਾਣਕਾਰੀ ਦਿੱਤੀ। ਡੋਨਾਲਡ ਟਰੰਪ ਤੇ ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਵਿਚਾਲੇ ਲਗਾਤਾਰ ਜ਼ੁਬਾਨੀ ਜੰਗ ਹੁੰਦੀ ਰਹੀ ਹੈ। ਇਸ ਨਾਲ ਦੋਹਾਂ ਪ੍ਰਮਾਣੂ ਸਪੰਨ ਦੇਸ਼ਾਂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉੱਤਰ ਕੋਰੀਆ ਦੇ ਨਾਲ ਕੂਟਨੀਤਕ ਕੋਸ਼ਿਸ਼ਾਂ ਲਗਾਤਾਰ ਫੇਲ੍ਹ ਰਹੀਆਂ ਹਨ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਸੀ, ਰਾਸ਼ਟਰਪਤੀ ਤੇ ਉਨ੍ਹਾਂ ਦਾ ਪ੍ਰਸ਼ਾਸਨ ਪਿਛਲੇ 25 ਸਾਲ ਤੋਂ ਉੱਤਰੀ ਕੋਰੀਆ ਨਾਲ ਗੱਲਬਾਤ ਕਰਦੇ ਰਹੇ ਹਨ। ਸਮਝੌਤੇ ਕੀਤੇ ਗਏ ਤੇ ਵੱਡੀ ਮਾਤਰਾ ਵਿੱਚ ਭੁਗਤਾਨ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਲਿਖਿਆ, ਇਹ ਕੰਮ ਨਹੀਂ ਆਇਆ, ਸਿਆਹੀ ਸੁੱਕਣ ਤੋਂ ਪਹਿਲਾਂ ਹੀ ਸਮਝੌਤੇ ਤੋੜ ਦਿੱਤੇ ਗਏ, ਅਮਰੀਕਾ ਵੱਲੋਂ ਗੱਲਬਾਤ ਕਾਰਨ ਵਾਲਿਆਂ ਨੂੰ ਬੇਵਕੂਫ ਬਣਾਇਆ ਗਿਆ।

ਫੌਜੀ ਕਾਰਵਾਈ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਮਾਫ ਕਰੋ ਪਰ ਕੇਵਲ ਤੇ ਕੇਵਲ ਇੱਕ ਹੀ ਰਸਤਾ ਬਚਿਆ ਹੈ। 'ਓਧਰ ਗੋਆਮ ਤੋਂ ਦੋ ਬੀ-1ਬੀ ਲਾਂਸਰ ਬੰਬਾਰ ਜਹਾਜ਼ਾਂ ਨੇ ਕੱਲ੍ਹ ਜਾਪਾਨ ਸਾਗਰ ਦੇ ਆਸ ਪਾਸ ਉੜਾਨ ਭਰੀ। ਅਮਰੀਕੀ ਪ੍ਰਸ਼ਾਂਤ ਹਵਾਈ ਬਲ ਨੇ ਬਿਆਨ ਵਿੱਚ ਕਿਹਾ ਕਿ ਇਹ ਪਿਓਂਗਯਾਂਗ ਖਿਲਾਫ ਸਪਸ਼ਟ ਤੌਰ 'ਤੇ ਇੱਕ ਸ਼ਕਤੀ ਪ੍ਰਦਰਸ਼ਨ ਹੈ।