ਵਾਸ਼ਿੰਗਟਨ: ਅਮਰੀਕਾ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਨੇਤਾ ਅਬੂ ਬਕਰ ਅਲ-ਬਗਦਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੀਰੀਆ ਵਿੱਚ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਨਿਊਜ਼ ਏਜੰਸੀ ਰਾਏਅਰਜ਼ ਦੇ ਅਨੁਸਾਰ, ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਮਰੀਕਾ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ।


ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਆਪਰੇਸ਼ਨ ਸਫਲ ਸੀ ਜਾਂ ਨਹੀਂ। ਆਪ੍ਰੇਸ਼ਨ ਦੇ ਨਤੀਜੇ 'ਤੇ ਨਿਊਜ਼ਵੀਕ ਨੇ ਯੂਐਸ ਫੌਜ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਬਗਦਾਦੀ ਮਾਰਿਆ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੁਰੱਖਿਆ ਬਲਾਂ ਨੇ ਸੀਰੀਆ ਦੇ ਇਦਬਿਲ ਪ੍ਰਾਂਤ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ।


ਇਨ੍ਹਾਂ ਰਿਪੋਰਟਾਂ ਦੇ ਵਿਚਕਾਰ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵੇਰੇ 6.53 ਵਜੇ ਟਵੀਟ ਕਰਦਿਆਂ ਕਿਹਾ ਕਿ ਹੁਣੇ-ਹੁਣੇ ਕੁਝ ਵੱਡਾ ਹੋਇਆ ਹੈ। ਦੱਸ ਦਈਏ ਕਿ ਬਗਦਾਦੀ ਦੀ ਮੌਤ ਬਾਰੇ ਕਈ ਵਾਰ ਰਿਪੋਰਟਾਂ ਸਾਹਮਣੇ ਆਈਆਂ ਹਨ ਤੇ ਆਈਐਸਆਈਐਸ ਨੇ ਹਮੇਸ਼ਾਂ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ।




ਇਸ ਸਾਲ ਅਪ੍ਰੈਲ ਵਿੱਚ ਆਈਐਸਆਈਐਸ ਨੇ ਬਗਦਾਦੀ ਦਾ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਬਗਦਾਦੀ ਨੇ ਸ੍ਰੀਲੰਕਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬਗਦਾਦੀ ਨੇ ਇਸ ਵੀਡੀਓ ਵਿੱਚ ਕਿਹਾ ਕਿ ਸ੍ਰੀਲੰਕਾ ਵਿੱਚ ਹਮਲੇ ਸੀਰੀਆ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਦੀ ਤਬਾਹੀ ਦੇ ਬਦਲੇ ਵਿੱਚ ਕੀਤੇ ਗਏ ਸਨ। ਵੀਡੀਓ ਵਿੱਚ ਬਗਦਾਦੀ ਦੇ ਨਾਲ ਤਿੰਨ ਹੋਰ ਲੋਕ ਵੀ ਦਿਖਾਈ ਦਿੱਤੇ ਸੀ।