ਟਰੰਪ ਨੇ ਅਮਰੀਕੀਆਂ ਨੂੰ ਕਸ਼ਮੀਰ ਜਾਣੋਂ ਵਰਜਿਆ
ਏਬੀਪੀ ਸਾਂਝਾ | 10 Mar 2019 11:55 AM (IST)
ਵਾਸ਼ਿੰਗਟਨ: ਜੰਮੂ-ਕਸ਼ਮੀਰ ਵਿੱਚ ਤਣਾਓ ਦੇ ਹਾਲਾਤ ਵੇਖਦਿਆਂ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਖ਼ਾਸ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਅਪਰਾਧ ਤੇ ਅੱਤਵਾਦੀ ਘਟਨਾਵਾਂ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਰਹਿਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਮਲੇ ਤੇ ਬਲਾਤਕਾਰ ਜਿਹੀਆਂ ਘਟਨਾਵਾਂ ਸਬੰਧੀ ਵੀ ਚੌਕੰਨੇ ਰਹਿਣ ਲਈ ਕਿਹਾ ਗਿਆ ਹੈ। ਅਮਰੀਕਾ ਨੇ ਸਲਾਹ ਜਾਰੀ ਕਰਦਿਆਂ ਕਿਹਾ ਕਿ ਅੱਤਵਾਦ ਤੇ ਨਾਗਰਿਕ ਅਸਥਿਰਤਾ ਕਰਕੇ ਪੂਰਬੀ ਲੱਦਾਖ ਤੇ ਲੇਹ ਨੂੰ ਛੱਡ ਕੇ ਜੰਮੂ ਕਸ਼ਮੀਰ ਜਾਣ ਤੋਂ ਬਚਿਆ ਜਾਏ। ਐਡਵਾਇਜ਼ਰੀ ਵਿੱਚ ਸਾਫ ਕਿਹਾ ਗਿਆ ਹੈ ਕਿ ਸਰਹੱਦ ’ਤੇ ਗੋਲ਼ੀਬਾਰੀ ਦੀ ਸੰਭਾਵਨਾ ਹੈ। ਅਮਰੀਕਾ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਬਲਾਤਕਾਰ ਤੇਜ਼ੀ ਨਾਲ ਵਧਦਾ ਅਪਰਾਧ ਹੈ। ਬਲਾਤਕਾਰ ਤੇ ਜਿਣਸੀ ਸੋਸ਼ਣ ਵਰਗੇ ਅਪਰਾਧ ਸੈਰ ਸਪਾਟੇ ਵਾਲੀਆਂ ਤੇ ਹੋਰ ਥਾਵਾਂ ’ਤੇ ਹੁੰਦੇ ਹਨ। ਇਸ ਦੇ ਨਾਲ ਹੀ ਬਾਜ਼ਾਰ, ਸ਼ਾਪਿੰਗ ਮਾਲ ਜਾਂ ਸਰਕਾਰੀ ਇਮਾਰਤਾਂ ਸਬੰਧੀ ਵੀ ਚੇਤਾਵਨੀ ਦਿੱਤੀ ਗਈ ਹੈ। ਸਲਾਹ ਮੁਤਾਬਕ ਅਜਿਹੀਆਂ ਥਾਵਾਂ ’ਤੇ ਅੱਤਵਾਦੀ ਹਮਲੇ ਹੋ ਸਕਦੇ ਹਨ। ਭਾਰਤ ਦੀ ਯਾਤਰਾ ’ਤੇ ਅਮਰੀਕੀ ਨਾਗਰਿਕਾਂ ਨੂੰ ਸਕਿਉਰਟੀ ਪਲਾਨ ਤਿਆਰ ਰੱਖਣ ਲਈ ਵੀ ਕਿਹਾ ਗਿਆ ਹੈ।