ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ ਦੀਆਂ ਸੜਕ 'ਤੇ ਤੁਰਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਜ਼ੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਨਿਊਯਾਰਕ ਵਿਧਾਨ ਸਭਾ ਵਿੱਚ ਹਾਲ ਹੀ 'ਚ ਬਿੱਲ ਪੇਸ਼ ਕੀਤਾ ਗਿਆ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਤੋੜਨ ਵਾਲਿਆਂ ਨੂੰ 25 ਡਾਲਰ (ਕਰੀਬ 1742 ਰੁਪਏ) ਤੋਂ ਲੈ ਕੇ 250 ਡਾਲਰ (ਕਰੀਬ 17 ਹਜ਼ਾਰ 419 ਰੁਪਏ) ਤਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਇਸ ਬਿੱਲ ਨੂੰ ਪਿਛਲੇ ਸਾਲ ਵਿਧਾਨ ਸਭਾ ਦੇ ਮੈਂਬਰ ਫੈਲਿਕਸ ਔਰਟੀਜ਼ ਵੱਲੋਂ ਪੇਸ਼ ਕੀਤਾ ਗਿਆ ਸੀ। ਬਿੱਲ ਵਿੱਚ ਜ਼ੁਰਮਾਨੇ ਦੀ ਰਕਮ ਵੀ ਤੈਅ ਕੀਤੀ ਗਈ ਸੀ। ਇਸ ਸਾਲ ਸੂਬੇ ਦੇ ਸੰਸਦ ਮੈਂਬਰ ਜੌਨ ਲਿਊ ਨੇ ਇੱਕ ਵਾਰ ਫਿਰ ਬਿੱਲ ਨੂੰ ਅੱਗੇ ਵਧਾ ਦਿੱਤਾ ਹੈ। ਲਿਊ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਤੁਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨਾ ਇੱਕ ਵੱਖਰਾ ਹੀ ਟ੍ਰੈਂਡ ਬਣ ਗਿਆ ਹੈ। ਖ਼ਾਸ ਕਰਕੇ ਸੜਕ ਪਾਰ ਕਰਨ ਦੌਰਾਨ, ਇਹ ਆਦਤ ਚਿੰਤਾ ਦਾ ਵਿਸ਼ਾ ਹੈ।

ਗਵਰਨਰਜ਼ ਹਾਈਵੇ ਸੇਫਟੀ ਐਸੋਸੀਏਸ਼ਨ ਦੀ ਇੱਕ ਰਿਪੋਰਟ ਮੁਤਾਬਕ 2019 ਵਿੱਚ ਸੜਕ ਦੁਰਘਟਨਾਵਾਂ ਵਿੱਚ ਅਮਰੀਕਾ 'ਚ ਲਗਪਗ 6200 ਪੈਦਲ ਯਾਤਰੀ ਮਾਰੇ ਗਏ। ਇਹ ਤਿੰਨ ਦਹਾਕਿਆਂ ਵਿੱਚ ਸਭ ਤੋਂ ਵੱਧ ਗਿਣਤੀ ਸੀ। ਰਿਪੋਰਟ ਵਿੱਚ ਨੌਜਵਾਨਾਂ 'ਚ ਸਮਾਰਟ ਫੋਨ ਦੀ ਵਧਦੀ ਵਰਤੋਂ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਸੀ।