ਕੋਲੋਰੈਡੋ: ਅਮਰੀਕਾ ਦੇ ਕੋਲੋਰੈਡੋ ‘ਚ ਕ੍ਰਿਸਮਸ ਤੋਂ ਠੀਕ ਦੋ ਦਿਨ ਪਹਿਲਾਂ ਇੱਕ 65 ਸਾਲਾ ਵਿਅਕਤੀ ਨੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਉਸ ਨੇ ਸਾਰੇ ਡਾਲਰ ਇੱਕ ਬਾਜ਼ਾਰ ‘ਚ ਹਵਾ ‘ਚ ਉਛਾਲ ਦਿੱਤੇ। ਉਸ ਨੇ ਡਾਲਰ ਉਛਾਲਦੇ ਹੋਏ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਵੀ ਦਿੱਤੀ।


ਕੋਲੋਰੈਡੋ ਪੁਲਿਸ ਨੇ ਦੱਸਿਆ ਕਿ ਡੇਵਿਡ ਵਾਇਨੇ ਓਲਿਵਰ ਨਾਂ ਦੇ ਵਿਅਕਤੀ ਨੇ ਸੋਮਵਾਰ ਨੂੰ ਐਕਡਮੀ ਬੈਂਕ ‘ਚ ਹਥਿਆਰ ਦਿਖਾ ਕਰਮਚਾਰੀਆਂ ਨੂੰ ਧਮਕਾਇਆ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।


ਇੱਕ ਪ੍ਰਤਖਦਰਸ਼ੀ ਨੇ ਦੱਸਿਆ, “ਉਸ ਨੇ ਬੈਗ ਵਿੱਚੋਂ ਡਾਲਰ ਕੱਢ ਲੋਕਾਂ ‘ਚ ਉਛਾਲਣੇ ਸ਼ੁਰੂ ਕਰ ਦਿੱਤੇ ਤੇ ਕ੍ਰਿਸਮਸ ਦੀ ਵਧਾਈ ਦਿੱਤੀ”। ਓਲਿਵਰ ਇਸ ਘਟਨਾ ਤੋਂ ਬਾਅਦ ਨਜ਼ਦੀਕ ਇੱਕ ਸਟਾਰਬਕਸ ਚਲਾ ਗਿਆ ਜਿੱਥੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਉਸ ਨੂੰ ਗ੍ਰਿਫ਼ਤਾਰ ਕੀਤਾ, ਉਸ ਕੋਲ ਕੋਈ ਹਥਿਆਰ ਨਹੀਂ ਸੀ। ਇੰਨਾ ਹੀ ਨਹੀਂ ਕੁਝ ਲੋਕਾਂ ਨੇ ਤਾਂ ਬੈਂਕ ਨੂੰ ਲੁੱਟ ਦੇ ਪੈਸੇ ਵੀ ਵਾਪਸ ਕਰ ਦਿੱਤੇ।