ਵਾਸ਼ਿੰਗਟਨ: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਕਾਇਮ ਹੋ ਗਿਆ ਹੈ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਕੁਝ ਦਿਨਾਂ ਦੇ ਅੰਦਰ ਹੀ ਤਾਲਿਬਾਨ ਨੇ ਦੇਸ਼ ਦਾ ਕੰਟਰੋਲ ਲੈ ਲਿਆ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਹੁਣ ਇਸ ਫੈਸਲੇ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹਨ। ਇਨ੍ਹਾਂ ਸਵਾਲਾਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।
ਬਿਡੇਨ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਅਫਗਾਨ ਫ਼ੌਜੀ ਨਹੀਂ ਲੜਦੇ ਤਾਂ ਮੈਂ ਕਿੰਨੀਆਂ ਪੀੜ੍ਹੀਆਂ ਤਕ ਅਮਰੀਕੀ ਪੁੱਤਰਾਂ ਤੇ ਧੀਆਂ ਨੂੰ ਉੱਥੇ ਭੇਜਦਾ ਰਹਾਂ। ਮੇਰਾ ਜਵਾਬ ਸਪਸ਼ਟ ਹੈ। ਮੈਂ ਉਨ੍ਹਾਂ ਗਲਤੀਆਂ ਨੂੰ ਨਹੀਂ ਦੁਹਰਾਵਾਂਗਾ, ਜੋ ਅਸੀਂ ਪਹਿਲਾਂ ਕੀਤੀਆਂ ਹਨ।
ਜੋਅ ਬਿਡੇਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਦਾ ਬਚਾਅ ਕਰਦਿਆਂ ਅਫਗਾਨ ਲੀਡਰਸ਼ਿਪ 'ਤੇ ਬਿਨਾਂ ਸੰਘਰਸ਼ ਦੇ ਤਾਲਿਬਾਨ ਨੂੰ ਸੱਤਾ ਸੌਂਪਣ ਦਾ ਦੋਸ਼ ਲਗਾਇਆ। ਉਨ੍ਹਾਂ ਤਾਲਿਬਾਨ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਅਮਰੀਕੀ ਕਰਮਚਾਰੀਆਂ 'ਤੇ ਹਮਲਾ ਕੀਤਾ ਜਾਂ ਦੇਸ਼ 'ਚ ਉਨ੍ਹਾਂ ਦੇ ਕੰਮਕਾਜ 'ਚ ਵਿਘਨ ਪਾਇਆ ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ।
ਬਿਡੇਨ ਨੇ ਅਫਗਾਨਿਸਤਾਨ ਤੋਂ ਆ ਰਹੀਆਂ ਤਸਵੀਰਾਂ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜੀ ਉਸ ਯੁੱਧ ਵਿੱਚ ਨਹੀਂ ਮਰ ਸਕਦੇ, ਜਿਸ 'ਚ ਅਫ਼ਗਾਨ ਫ਼ੌਜਾਂ ਆਪਣੇ ਲਈ ਨਹੀਂ ਲੜਨਾ ਚਾਹੁੰਦੀਆਂ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਤੋਂ ਫੌਜਾਂ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ। ਟਵਿੱਟਰ 'ਤੇ ਇਕ ਵੀਡੀਓ ਸੰਦੇਸ਼ 'ਚ ਉਨ੍ਹਾਂ ਕਿਹਾ, "ਮੈਂ ਚੌਥਾ ਅਮਰੀਕੀ ਰਾਸ਼ਟਰਪਤੀ ਹਾਂ, ਜਿਸ ਨੇ ਅਫਗਾਨਿਸਤਾਨ ਵਿੱਚ ਯੁੱਧ ਦੀ ਸਥਿਤੀ ਵੇਖੀ ਹੈ। ਇੱਥੇ ਦੋ ਡੈਮੋਕਰੇਟ ਅਤੇ ਦੋ ਰਿਪਬਲਿਕਨ ਰਾਸ਼ਟਰਪਤੀ ਰਹੇ ਹਨ। ਮੈਂ ਇਹ ਜ਼ਿੰਮੇਵਾਰੀ ਪੰਜਵੇਂ ਰਾਸ਼ਟਰਪਤੀ ਨੂੰ ਨਹੀਂ ਛੱਡਾਂਗਾ। ਮੈਂ ਅਮਰੀਕੀ ਲੋਕਾਂ ਨੂੰ ਇਹ ਦਾਅਵਾ ਕਰਕੇ ਧੋਖਾ ਨਹੀਂ ਦੇਵਾਂਗਾ ਕਿ ਅਫਗਾਨਿਸਤਾਨ ਵਿੱਚ ਥੋੜਾ ਹੋਰ ਸਮਾਂ ਬਿਤਾ ਕੇ ਅਸੀਂ ਤਬਦੀਲੀ ਲਿਆਵਾਂਗੇ।
ਬਿਡੇਨ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਸਹੀ ਸੀ। ਅਫਗਾਨ ਫੌਜ ਅਤੇ ਆਗੂਆਂ ਨੇ ਬਿਨਾਂ ਲੜਾਈ ਦੇ ਆਪਣੇ ਹਥਿਆਰ ਰੱਖ ਦਿੱਤੇ। ਅਸ਼ਰਫ ਗਨੀ ਬਿਨਾਂ ਲੜਾਈ ਦੇ ਦੇਸ਼ ਛੱਡ ਗਏ। ਉਨ੍ਹਾਂ ਕਿਹਾ ਕਿ ਬੇਸ਼ੱਕ ਅਫਗਾਨਿਸਤਾਨ ਦੀ ਸਥਿਤੀ ਗੰਭੀਰ ਹੈ, ਪਰ ਇਸ ਦੇ ਲਈ ਅਸ਼ਰਫ ਗਨੀ ਜ਼ਿੰਮੇਵਾਰ ਹਨ। ਉਹ ਉਥੋਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹੈ ਤੇ ਦੁਨੀਆਂ ਨੂੰ ਉਸ ਤੋਂ ਪ੍ਰਸ਼ਨ ਪੁੱਛਣੇ ਚਾਹੀਦੇ ਹਨ।
ਬਿਡੇਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਨੇ ਬਹੁਤ ਜ਼ੋਖ਼ਮ ਲਿਆ ਹੈ। ਮੈਂ ਹੁਣ ਆਪਣੇ ਸੈਨਿਕਾਂ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ। ਅਫਗਾਨ ਫੌਜ ਨੂੰ ਅਤਿ ਆਧੁਨਿਕ ਹਥਿਆਰ ਤੇ ਸਿਖਲਾਈ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ।