ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਅਮਰੀਕੀ ਸੈਨੇਟ ਨੇ ਸੀਰੀਆ ਤੇ ਅਫਗਾਨਿਸਤਾਨ ਦੇ ਸੈਨਿਕਾਂ ਨੂੰ ਵਾਪਸ ਬੁਲਾਏ ਜਾਣ ਖਿਲਾਫ ਮਤੇ ਨੂੰ ਭਾਰੀ ਬਹੁਮਤ ਪਾਸ ਕੀਤਾ ਹੈ। ਇਸ ਮਤੇ ਦੇ ਪੱਖ ‘ਚ ਟਰੰਪ ਦੀ ਆਪਣੀ ਰਿਪਬਲੀਕਨ ਪਾਰਟੀ ਦੇ ਸੰਸਦਾਂ ਨੇ ਵੀ ਵੋਟਿੰਗ ਕੀਤੀ। ਇਸ ਨਾਲ ਪਾਰਟੀ ‘ਚ ਫਾੜ ਹੋਣ ਦਾ ਸਾਫ ਪਤਾ ਲੱਗਦਾ ਹੈ।


ਸੈਨੇਟ ‘ਚ ਰਿਪਬਲੀਕਨ ਨੇਤਾ ਮਿੱਚ ਮੈਕਕੋਨੇਲ ਨੇ ਮਤੇ ਨੂੰ ਸੰਸਦ ‘ਚ ਰੱਖਿਆ ਤੇ ਮਤਾ ਭਾਰੀ ਬਹੁਮਤ ਨਾਲ ਪਾਸ ਹੋਇਆ। ਇਸ ਦੇ ਪੱਖ ‘ਚ 70 ਵੋਟ ਤੇ ਵਿਰੋਧ ‘ਚ 26 ਵੋਟ ਪਏ। ਸੰਸਦ ਦੇ 53 ਰਿਪਬਲੀਕਨ ਸੈਨੇਟਰਾਂ ਵਿੱਚੋਂ ਸਿਰਫ ਤਿੰਨ ਨੇ ਇਸ ਦਾ ਵਿਰੋਧ ਕੀਤਾ।

ਇਸ ਮੁਤਾਬਕ ਅਮਰੀਕਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੇ ਸੀਰੀਆ ਤੋਂ ਆਪਣੀ ਸੈਨਾ ਨੂੰ ਵਾਪਸ ਬੁਲਾਉਣ ਨਾਲ ਸਾਡੇ ਹੱਥ ਆਈ ਵੱਡੀ ਕਾਮਯਾਬੀ ਨੂੰ ਅਸੀਂ ਖੋ ਸਕਦੇ ਹਾਂ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ‘ਚ ਪਾ ਸਕਦੇ ਹਾਂ।

ਪਿਛਲੇ ਹਫਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਸੂਚਨਾ ਦਿੱਤੀ ਸੀ ਕਿ ਜੇਹਾਦੀ ਸੰਗਠਨ ਅਜੇ ਵੀ ਗੰਭੀਰ ਖ਼ਤਰਾ ਹਨ। ਦਸੰਬਰ ‘ਚ ਟਰੰਪ ਨੇ ਟਵੀਟ ਕਰ ਅਮਰੀਕੀ ਸੈਨਾ 2,000 ਸੈਨਿਕਾਂ ਨੂੰ ਸੀਰੀਆ ਤੋਂ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਡੈਮੋਕ੍ਰੇਟਸ ਨੇ ਟਰੰਪ ਦੇ ਇਸ ਕਦਮ ਦੀ ਨਿਖੇਧੀ ਕੀਤੀ ਸੀ।